20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਨਕਸਲ ਮੁਕਤ ਹੋਇਆ ਭਾਰਤ-ਅਮਿਤ ਸ਼ਾਹ <br/>

ਅਜੀਤ ਡੈਸਕ 31-03-2026

ਨਵੀਂ ਦਿੱਲੀ, 30 ਮਾਰਚ (ਉਪਮਾ ਡਾਗਾ ਪਾਰਥ)- ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਲੋਕ ਸਭਾ 'ਚ ਨਕਸਲ ਮੁਕਤ ਭਾਰਤ ਦਾ ਖਾਕਾ ਪੇਸ਼ ਕਰਦਿਆਂ ਨਕਸਲਵਾਦ ਨੂੰ ਆਦਿਵਾਸੀਆਂ ਦੇ ਵਿਕਾਸ 'ਚ ਰੁਕਾਵਟ ਦੱਸਦਿਆਂ ਪਿਛਲੀਆਂ ਸਰਕਾਰਾਂ ਖ਼ਾਸ ਤੌਰ 'ਤੇ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ ਖੱਬੇ ਪੱਖੀਆਂ ਨੇ ਆਦਿਵਾਸੀਆਂ ਨੂੰ ਆਪਣੀ ਵਿਚਾਰਧਾਰਾ ਨਾਲ ਜੋੜਿਆ ਅਤੇ ਉਨ੍ਹਾਂ ਨੂੰ ਸਿੱਖਿਆ ਦੇ ਚਾਨਣ ਤੋਂ ਵਾਂਝੇ ਰੱਖਿਆ | ਨਾਲ ਹੀ ਕਿਹਾ ਕਿ ਆਦਿਵਾਸੀਆਂ ਜ਼ਰੀਏ ਸੱਤਾ ਹਾਸਿਲ ਕਰਨਾ ਹੀ ਨਕਸਲ ਵਿਚਾਰਧਾਰਾ ਦਾ ਮਕਸਦ ਸੀ | ਅਮਿਤ ਸ਼ਾਹ ਨੇ ਲੋਕ ਸਭਾ 'ਚ ਨਕਸਲ ਮੁਕਤ ਭਾਰਤ ਦੇ ਮੁੱਦੇ 'ਤੇ ਹੋਈ ਚਰਚਾ ਦੇ ਜਵਾਬ 'ਚ ਜਿਥੇ ਇਹ ਕਿਹਾ ਕਿ ਕਿਸੇ ਦੇ ਨਾਲ ਅਨਿਆਂ ਹੋਵੇ ਤਾਂ ਹਥਿਆਰ ਚੁੱਕਣਾ ਲੋਕਤੰਤਰਿਕ ਤਰੀਕਾ ਨਹੀਂ ਹੈ | ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਤੁਸੀਂ ਧਮਕਾਉਣਾ ਚਾਹੁੰਦੇ ਹੋ ਤਾਂ ਇਹ ਡਰਨ ਵਾਲੀ ਸਰਕਾਰ ਨਹੀਂ ਹੈ ਸਗੋਂ ਸਭ ਦੇ ਨਾਲ ਨਿਆਂ ਵਾਲੀ ਸਰਕਾਰ ਹੈ | ਗ੍ਰਹਿ ਮੰਤਰੀ ਨੇ ਭਾਰਤ ਨੂੰ ਨਕਸਲਵਾਦ ਮੁਕਤ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਨਕਸਲਵਾਦ ਖ਼ਤਮ ਕਰਨ ਦਾ ਸਿਹਰਾ ਕੇਂਦਰ ਅਤੇ ਰਾਜ ਪੁਲਿਸ ਦਲਾਂ ਨੂੰ ਜਾਂਦਾ ਹੈ | ਉਨ੍ਹਾਂ ਕਿਹਾ ਕਿ 1970 ਦੇ ਦਹਾਕੇ 'ਚ ਨਕਸਲਵਾਦ ਦੀ ਸ਼ੁਰੂਆਤ ਨਕਸਲਵਾੜੀ, ਪੱਛਮੀ ਬੰਗਾਲ ਤੋਂ ਹੋਈ ਅਤੇ 80 ਦੇ ਦਹਾਕੇ ਤੱਕ ਪੀਪਲਸ ਵਾਰ ਗਰੁੱਪ ਬਣ ਗਿਆ ਅਤੇ ਮਹਾਰਾਸ਼ਟਰ, ਮੱਧ ਪ੍ਰਦੇਸ਼, ਛਤੀਸਗੜ੍ਹ ਅਤੇ ਓਡੀਸ਼ਾ 'ਚ ਫੈਲ ਗਿਆ | ਉਨ੍ਹਾਂ 3 ਪੜਾਵਾਂ 'ਚ ਫੈਲੇ ਅੰਦੋਲਨ ਅਤੇ 9 ਰਾਜਾਂ ਦੇ ਹੈੱਡ ਕਾਰੀਡੋਰ ਨੂੰ ਲੈ ਕੇ ਕਾਂਗਰਸ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ | ਉਨ੍ਹਾਂ ਕਿਹਾ ਕਿ ਬਸਤਰ ਤੋਂ ਨਕਸਲਵਾਦ ਤਕਰੀਬਨ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਬਸਤਰ ਦੇ ਲੋਕਾਂ 'ਤੇ 'ਲਾਲ ਅੱਤਵਾਦ' ਦਾ ਪਰਛਾਵਾਂ ਲਹਿਰਾ ਰਿਹਾ ਸੀ, ਇਸ ਲਈ ਵਿਕਾਸ ਉਨ੍ਹਾਂ ਤੱਕ ਨਹੀਂ ਪਹੁੰਚ ਸਕਿਆ | ਹੁਣ ਉਹ ਪਰਛਾਵਾਂ ਹਟ ਗਿਆ ਹੈ ਤਾਂ ਵਿਕਾਸ ਪਹੁੰਚ ਰਿਹਾ ਹੈ | ਉਨ੍ਹਾਂ ਕਿਹਾ ਕਿ ਅਨਿਆਂ ਦੇ ਖ਼ਿਲਾਫ਼ ਲੜਨ ਦਾ ਸਾਡੇ ਸੰਵਿਧਾਨ ਨੇ ਰਾਹ ਵਿਖਾਇਆ ਹੈ | ਅਨਿਆਂ ਕਿਸੇ ਦੇ ਨਾਲ ਵੀ ਹੋ ਸਕਦਾ ਹੈ | ਪਰ ਲੜਾਈ ਸੰਵਿਧਾਨਕ ਤਰੀਕੇ ਨਾਲ ਹੋਣੀ ਚਾਹੀਦੀ ਹੈ ਨਾ ਕਿ ਹੱਥ 'ਚ ਹਥਿਆਰ ਲੈ ਕੇ ਬੇਗੁਨਾਹਾਂ ਨੂੰ ਮਾਰ ਕੇ | ਗ੍ਰਹਿ ਮੰਤਰੀ ਨੇ ਮੋਦੀ ਰਾਜ 'ਚ ਚਾਰ ਸਭ ਤੋਂ ਵੱਧ ਨਕਸਲ ਪ੍ਰਭਾਵਿਤ ਇਲਾਕਿਆਂ ਦੇ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਨਕਸਲਵਾੜੀ 'ਚ ਸਾਖ਼ਰਤਾ ਦਰ 35 ਫ਼ੀਸਦੀ, ਬਸਤਰ 'ਚ 23 ਫੀਸਦੀ, ਸਹਰਸਾ 'ਚ 33 ਫ਼ੀਸਦੀ ਅਤੇ ਬਲੀਆ 'ਚ 37 ਫ਼ੀਸਦੀ ਹੈ |
ਭਗਤ ਸਿੰਘ ਅਤੇ ਬਿਰਸਾ ਮੁੰਡਾ ਨਾਲ ਨਹੀਂ ਕਰ ਸਕਦੇ ਨਕਸਲਵਾਦ ਦੀ ਤੁਲਨਾ
ਗ੍ਰਹਿ ਮੰਤਰੀ ਨੇ ਵਿਰੋਧੀ ਧਿਰਾਂ ਵਲੋਂ ਅਨਿਆਂ ਦੇ ਖ਼ਿਲਾਫ਼ ਲੜਨ ਅਤੇ ਇਸ ਕਵਾਇਦ ਹੇਠ ਭਗਤ ਸਿੰਘ ਅਤੇ ਬਿਰਸਾ ਮੁੰਡਾ ਦਾ ਜ਼ਿਕਰ ਕਰਨ 'ਤੇ ਕਿਹਾ ਕਿ ਨਕਸਲਵਾਦੀਆਂ ਦਾ ਲੋਕਤੰਤਰ 'ਤੇ ਕੋਈ ਭਰੋਸਾ ਨਹੀਂ ਹੈ | ਉਨ੍ਹਾਂ ਕਿਹਾ ਕਿ ਕੁਝ ਮੈਂਬਰਾਂ ਨੇ ਭਗਤ ਸਿੰਘ ਅਤੇ ਭਗਵਾਨ ਬਿਰਸਾ ਮੁੰਡਾ ਨਾਲ ਤੁਲਨਾ ਕਰ ਦਿੱਤੀ | ਉਨ੍ਹਾਂ ਕਿਹਾ ਕਿ ਭਗਤ ਸਿੰਘ ਅਤੇ ਬਿਰਸਾ ਮੁੰਡਾ ਅੰਗਰੇਜ਼ਾਂ ਨਾਲ ਲੜੇ | ਜਦਕਿ ਨਕਸਲਵਾਦੀ ਹਥਿਆਰ ਹੱਥ 'ਚ ਲੈ ਕੇ ਬੇਗੁਨਾਹਾਂ ਦੀ ਹੱਤਿਆ ਕਰਦੇ ਹਨ |

ਪਿਛਲੀ ਖ਼ਬਰ ਸੋਨੀਆ ਗਾਂਧੀ ਦੀ ਸਿਹਤ 'ਚ ਪਹਿਲਾਂ ਦੇ ਮੁਕਾਬਲੇ ਕਾਫ਼ੀ ਸੁਧਾਰ-ਹਸਪਤਾਲ ਪ੍ਰਸ਼ਾਸਨ ਅਗਲੀ ਖ਼ਬਰ 'ਚੌਧਰੀ' ਬਣ ਰਹੇ ਪਾਕਿ ਨੂੰ ਈਰਾਨ ਨੇ ਦਿੱਤਾ ਝਟਕਾ-ਵਿਚੋਲਗੀ ਪ੍ਰਸਤਾਵ ਕੀਤਾ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।