ਹਲਵਾਰਾ, 29 ਮਾਰਚ (ਮਨਦੀਪ ਸਿੰਘ ਉੱਭੀ)-ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਦੇ ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਦੀ ਬੁਕਿੰਗ ਅਪ੍ਰੈਲ 'ਚ ਸ਼ੁਰੂ ਹੋਣ ਵਾਲੀ ਹੈ ਅਤੇ ਪਹਿਲੀ ਵਪਾਰਕ ਉਡਾਣ ਦੇ 10 ਤੋਂ 15 ਮਈ ਦੇ ਵਿਚਕਾਰ ਉਡਾਣ ਭਰਨ ਦੀ ਸੰਭਾਵਨਾ ਹੈ | ਇਸ ਨੂੰ ਸੂਬੇ ਲਈ ਮਾਣ ਵਾਲਾ ਪਲ ਦੱਸਦਿਆਂ ਬਿੱਟੂ ਨੇ ਕਿਹਾ ਕਿ 160 ਸੀਟਾਂ ਵਾਲੇ ਏਅਰਬੱਸ ਏ320 ਜਹਾਜ਼ ਨਾਲ ਸੰਚਾਲਨ ਸ਼ੁਰੂ ਹੋਵੇਗਾ | ਬਿੱਟੂ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਸ਼ੁਰੂਆਤ 'ਚ ਦਿੱਲੀ ਤੇ ਹਲਵਾਰਾ ਵਿਚਾਲੇ ਰੋਜ਼ਾਨਾ ਦੋ ਉਡਾਣਾਂ ਹੋਣਗੀਆਂ, ਇਕ ਸਵੇਰੇ ਅਤੇ ਇਕ ਦੁਪਹਿਰ ਨੂੰ , ਜੋ ਕਿ ਖੇਤਰ ਲਈ ਸੰਪਰਕ 'ਚ ਇਕ ਵੱਡਾ ਕਦਮ ਹੈ | ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਬਿੱਟੂ ਨੇ ਕਿਹਾ ਕਿ ਇਸ ਨਾਲ ਯਾਤਰਾ, ਵਪਾਰ ਅਤੇ ਸਮੁੱਚੇ ਆਰਥਿਕ ਵਿਕਾਸ ਨੂੰ ਬੜ੍ਹਾਵਾ ਮਿਲੇਗਾ | ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਦੂਰਦਿ੍ਸ਼ਟੀ ਅਤੇ ਪੰਜਾਬ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸਸ਼ਕਤ ਬਣਾਉਣ ਲਈ ਨਿਰੰਤਰ ਵਚਨਬੱਧਤਾ ਲਈ ਧੰਨਵਾਦੀ ਹਾਂ | ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਵਜੋਂ ਮੈਂ ਵੀ ਪੰਜਾਬ ਦੇ ਵਿਕਾਸ ਲਈ ਨਿਰੰਤਰ ਕੰਮ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਅਜਿਹੇ ਪਰਿਵਰਤਨਸ਼ੀਲ ਪ੍ਰਾਜੈਕਟ ਲੋਕਾਂ ਤੱਕ ਪਹੁੰਚ ਸਕਣ | ਮੋਦੀ ਨੇ ਪਿਛਲੇ ਮਹੀਨੇ ਜਲੰਧਰ ਫੇਰੀ ਦੌਰਾਨ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ 'ਤੇ ਟਰਮੀਨਲ ਭਵਨ ਦਾ ਵਰਚੂਅਲ ਉਦਘਾਟਨ ਕੀਤਾ ਸੀ |