1 ਅਪ੍ਰੈਲ ਨੂੰ ਲਾਗੂ ਹੋਣਗੀਆਂ ਕਮਿਸ਼ਨ ਵਲੋਂ ਘਟਾਈਆਂ ਗਈਆਂ ਬਿਜਲੀ ਦਰਾਂ
ਸ਼ਿਵ ਸ਼ਰਮਾ
ਜਲੰਧਰ, 29 ਮਾਰਚ-ਸੂਬੇ ਦੇ ਲੱਖਾਂ ਖਪਤਕਾਰਾਂ ਨੂੰ ਜਿਥੇ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਪਿਛਲੇ ਕਈ ਸਾਲਾਂ ਤੋਂ ਮਿਲ ਰਹੀ ਹੈ ਉਥੇ ਇਸ ਵਿੱਤੀ ਵਰੇ੍ਹ 'ਚ ਖਪਤਕਾਰਾਂ ਨੂੰ ਬਿਜਲੀ ਦੇ ਭਾਰੀ ਬਿੱਲਾਂ ਤੋਂ ਵੀ ਰਾਹਤ ਮਿਲਣ ਜਾ ਰਹੀ ਹੈ ਕਿਉਂਕਿ ਪੰਜਾਬ ਬਿਜਲੀ ਅਥਾਰਿਟੀ ਕਮਿਸ਼ਨ ਵਲੋਂ ਸਾਲ 2026-27 ਲਈ ਜਿਹੜਾ ਬਿਜਲੀ ਟੈਰਿਫ਼ ਲਾਗੂ ਕੀਤਾ ਗਿਆ ਸੀ, ਉਹ 1 ਅਪ੍ਰੈਲ ਤੋਂ ਲਾਗੂ ਹੋ ਜਾਵੇਗਾ, ਜਿਸ ਕਰਕੇ ਇਨ੍ਹਾਂ ਗਰਮੀਆਂ 'ਚ ਬਿਜਲੀ ਬਿੱਲ ਖਪਤਕਾਰਾਂ ਦੀਆਂ ਜੇਬਾਂ ਹਲਕੀਆਂ ਨਹੀਂ ਕਰਨਗੇ | ਇਕ ਪਾਸੇ ਜਿਥੇ ਪੱਛਮੀ ਏਸ਼ੀਆ 'ਚ ਚੱਲ ਰਹੀ ਜੰਗ ਕਰਕੇ ਇਸ ਦਾ ਅਸਰ ਲੋਕਾਂ 'ਤੇ ਹੀ ਪਿਆ ਹੈ | ਜਿਨ੍ਹਾਂ ਲਈ ਰਸੋਈ ਦੇ ਸਾਮਾਨ ਤੋਂ ਲੈ ਕੇ ਹੋਰ ਸਾਮਾਨ ਵੀ ਕਾਫ਼ੀ ਮਹਿੰਗਾ ਹੋ ਗਿਆ ਹੈ, ਉੱਥੇ ਬਿਜਲੀ ਦੇ ਘੱਟ ਬਿੱਲ ਉਨ੍ਹਾਂ ਨੂੰ ਜ਼ਰੂਰ ਕੁੱਝ ਰਾਹਤ ਪ੍ਰਦਾਨ ਕਰਨਗੇ | ਪੰਜਾਬ ਬਿਜਲੀ ਅਥਾਰਿਟੀ ਕਮਿਸ਼ਨ ਵਲੋਂ ਇਸ ਵਿੱਤੀ ਵਰੇ੍ਹ 'ਚ ਇਸ ਕਰਕੇ ਵੀ ਬਿਜਲੀ ਦਰਾਂ ਘਟਾਈਆਂ ਗਈਆਂ ਹਨ ਕਿਉਂਕਿ ਪਾਵਰਕਾਮ ਨੇ ਆਪਣੇ ਲਾਈਨਾਂ ਦੇ ਨੁਕਸਾਨ ਘਟਾਏ ਹਨ, ਜਿਸ ਕਰਕੇ ਉਸ ਨੂੰ ਇਸ ਦਾ ਵਿੱਤੀ ਲਾਭ ਵੀ ਹੋਇਆ ਹੈ | ਪਾਵਰਕਾਮ ਨੇ ਸਾਲ 2024-25 ਵਿਚ 2000 ਕਰੋੜ ਤੋਂ ਜ਼ਿਆਦਾ ਦਾ ਮੁਨਾਫ਼ਾ ਕਮਾਇਆ ਹੈ | ਕਮਿਸ਼ਨ ਨੇ ਬਿਜਲੀ ਦਰਾਂ ਘਟਾ ਕੇ ਲੋਕਾਂ ਨੂੰ ਸਸਤੀਆਂ ਬਿਜਲੀ ਦਰਾਂ ਦਾ ਐਲਾਨ ਕਰਕੇ ਵੱਡੀ ਰਾਹਤ ਦਿੱਤੀ ਸੀ | ਜਿਸ ਨਾਲ ਖਪਤਕਾਰਾਂ ਨੂੰ ਇਸ ਸਾਲ ਕਰੋੜਾਂ ਰੁਪਏ ਦਾ ਫ਼ਾਇਦਾ ਹੋਣ ਵਾਲਾ ਹੈ | ਜਿਥੇ ਪਾਵਰਕਾਮ ਨੇ ਖਪਤਕਾਰਾਂ ਨੂੰ ਰਾਹਤ ਦਿੱਤੀ ਹੈ ਤੇ ਇਸ ਨਾਲ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲਈ ਵੀ ਵੱਡੀ ਗੱਲ ਹੈ ਕਿ ਪੰਜਾਬ ਦੇ ਮੁਕਾਬਲੇ ਕਈ ਰਾਜਾਂ 'ਚ ਬਿਜਲੀ ਮਹਿੰਗੀ ਹੈ ਜਦਕਿ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਦੀ ਰਾਹਤ ਦਿੱਤੀ ਗਈ ਹੈ | 1 ਅਪੈ੍ਰਲ ਤੋਂ ਜਿਹੜੀਆਂ ਸਸਤੀਆਂ ਬਿਜਲੀ ਵਾਲੀਆਂ ਦਰਾਂ ਲਾਗੂ ਹੋਣੀਆਂ ਹਨ | ਉਨ੍ਹਾਂ 'ਚ ਸਾਰੇ ਵਰਗਾਂ ਨੂੰ ਰਾਹਤ ਦਿੱਤੀ ਗਈ ਹੈ ਤੇ ਖ਼ਾਸ ਕਰਕੇ ਸੂਬੇ ਵਿਚ ਈ. ਵੀ. ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਇਲੈਕਟਿ੍ਕ ਵਹੀਕਲ ਚਾਰਜਿੰਗ ਸਟੇਸ਼ਨਾਂ ਦੀ ਬਿਜਲੀ 5 ਰੁਪਏ ਯੂਨਿਟ ਕੀਤੀ ਗਈ ਹੈ | ਅਗਲੇ ਮਹੀਨੇ ਲਾਗੂ ਹੋਣ ਵਾਲੀਆਂ ਨਵੀਆਂ ਦਰਾਂ 'ਚ ਘਰੇਲੂ ਖਪਤਕਾਰਾਂ ਲਈ ਕਰੀਬ 1. 5 ਰੁਪਏ ਪ੍ਰਤੀ ਯੂਨਿਟ ਦੀ ਕਮੀ ਕੀਤੀ ਗਈ ਹੈ | ਵਪਾਰਕ ਖਪਤਕਾਰਾਂ ਲਈ 79 ਪੈਸੇ ਪ੍ਰਤੀ ਯੂਨਿਟ ਦੀ ਰਾਹਤ ਅਤੇ ਸਨਅਤੀ ਇਕਾਈਆਂ ਨੂੰ ਇਸ ਮੌਜੂਦਾ ਮਾਹੌਲ 'ਚ ਰਾਹਤ ਦਿੰਦੇ ਹੋਏ ਉਨ੍ਹਾਂ ਲਈ ਕਰੀਬ 74 ਪੈਸੇ ਪ੍ਰਤੀ ਯੂਨਿਟ ਦੀ ਕਮੀ ਕੀਤੀ ਗਈ ਸੀ | ਸਨਅਤੀ ਇਕਾਈਆਂ ਦੀ ਬਿਜਲੀ ਸਸਤੀ ਹੋਣ ਨਾਲ ਇਸ ਨਾਲ ਨਵੇਂ ਸਨਅਤੀ ਨਿਵੇਸ਼ 'ਚ ਵੀ ਵਾਧਾ ਹੁੰਦਾ ਹੈ | ਉਂਝ ਪਾਵਰਕਾਮ ਜੇਕਰ ਡਿਫਾਲਟਰਾਂ ਤੋਂ ਇਲਾਵਾ ਸੂਬੇ 'ਚ ਪੂਰੀ ਤਰਾਂ ਨਾਲ ਬਿਜਲੀ ਚੋਰੀ ਵੀ ਰੋਕ ਲੈਂਦਾ ਹੈ ਤਾਂ ਪਾਵਰਕਾਮ ਨੂੰ ਇਸ ਨਾਲ ਕਾਫ਼ੀ ਫ਼ਾਇਦਾ ਮਿਲੇਗਾ ਤੇ ਇਸ ਨਾਲ ਪਾਵਰਕਾਮ ਵਲੋਂ ਖਪਤਕਾਰਾਂ ਨੂੰ ਸਸਤੀ ਬਿਜਲੀ ਮਿਲਣ ਨਾਲ ਰਾਹਤ ਵੀ ਮਿਲ ਸਕਦੀ ਹੈ | ਸੂਬੇ 'ਚ ਹਰ ਸਾਲ 400 ਤੋਂ 500 ਮੈਗਾਵਾਟ ਬਿਜਲੀ ਦੀ ਮੰਗ 'ਚ ਗਰਮੀਆਂ ਵਧਣ ਤੋਂ ਇਲਾਵਾ ਕੁਨੈਕਸ਼ਨਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ | ਪਾਵਰਕਾਮ ਵਲੋਂ ਦੂਜੇ ਸਰੋਤਾਂ ਤੋਂ ਬਿਜਲੀ ਦੀ ਖ਼ਰੀਦੀ ਕੀਤੀ ਜਾਂਦੀ ਹੈ ਪਰ ਆਉਣ ਵਾਲੇ ਸਮੇਂ 'ਚ ਜੇਕਰ ਪਾਵਰਕਾਮ ਸਰਕਾਰੀ ਖੇਤਰ 'ਚ ਬਿਜਲੀ ਉਤਪਾਦਨ ਵਿਚ ਵਾਧਾ ਕਰਦਾ ਹੈ ਤਾਂ ਖਪਤਕਾਰਾਂ ਨੂੰ ਸਸਤੀ ਬਿਜਲੀ ਨਾਲ ਸੂਬੇ 'ਚ ਸਨਅਤੀ ਇਕਾਈਆਂ ਨੂੰ ਇਸ ਦਾ ਫ਼ਾਇਦਾ ਹੋਵੇਗਾ ਤੇ ਲੋਕਾਂ ਨੂੰ ਵੀ ਰਾਹਤ ਮਿਲਦੀ ਰਹੇਗੀ | ਖਪਤਕਾਰਾਂ ਲਈ ਇਸ ਬਾਰ ਰਾਹਤ ਵਾਲੀ ਗੱਲ ਹੋਵੇਗੀ ਜਿਥੇ ਇਸ ਬਾਰ ਵੀ ਭਾਰੀ ਗਰਮੀ ਪੈਣ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਹੈ ਤੇ ਦੂਜੇ ਪਾਸੇ ਉਨ੍ਹਾਂ ਨੂੰ ਬਿਜਲੀ ਦੇ ਬਿੱਲ ਵੀ ਪੇ੍ਰਸ਼ਾਨ ਨਹੀਂ ਕਰਨਗੇ |
ਗਰਮੀਆਂ 'ਚ ਬਿਜਲੀ ਦੇ ਭਾਰੀ ਬਿੱਲਾਂ ਤੋਂ ਖਪਤਕਾਰਾਂ ਨੂੰ ਮਿਲੇਗੀ ਰਾਹਤ
ਅਜੀਤ ਡੈਸਕ
30-03-2026