10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਅਮਰੀਕਾ ਵਲੋਂ ਈਰਾਨ 'ਤੇ ਜ਼ਮੀਨੀ ਹਮਲੇ ਦੀ ਤਿਆਰੀ <br/>

ਅਜੀਤ ਡੈਸਕ 30-03-2026

ਸਾਡੀਆਂ ਫ਼ੌਜਾਂ ਇੰਤਜ਼ਾਰ ਕਰ ਰਹੀਆਂ-ਈਰਾਨੀ ਸੰਸਦ ਦਾ ਸਪੀਕਰ
ਵਾਸ਼ਿੰਗਟਨ/ਦੁਬਈ, 29 ਮਾਰਚ (ਏਜੰਸੀ)-ਅਮਰੀਕਾ, ਈਰਾਨ 'ਤੇ ਕੁਝ ਹਫ਼ਤਿਆਂ ਦੇ ਸੀਮਤ ਜ਼ਮੀਨੀ ਹਮਲੇ ਦੀ ਤਿਆਰੀ ਕਰ ਰਿਹਾ ਹੈ, ਜਿਸ 'ਚ ਸੰਭਾਵੀ ਤੌਰ 'ਤੇ ਖਾਰਗ ਟਾਪੂ ਅਤੇ 'ਸਟ੍ਰੇਟ ਆਫ਼ ਹੋਰਮੁਜ਼' ਦੇ ਨੇੜੇ ਤੱਟਵਰਤੀ ਸਥਾਨਾਂ 'ਤੇ ਛਾਪੇਮਾਰੀ ਸ਼ਾਮਿਲ ਹੈ | ਯੂ.ਐਸ. ਸੈਂਟਰਲ ਕਮਾਂਡ (ਸੈਂਟਕਾਮ) ਨੇ ਪੁਸ਼ਟੀ ਕੀਤੀ ਹੈ ਕਿ 2500 ਜਲ ਸੈਨਿਕ ਖੇਤਰ 'ਚ ਪਹੁੰਚ ਚੁੱਕੇ ਹਨ, ਜਦੋਂਕਿ ਯੂ.ਐਸ.ਐਸ. ਤਿ੍ਪੋਲੀ 'ਤੇ ਲਗਭਗ 3500 ਵਾਧੂ ਸੈਨਿਕ ਮੱਧ ਪੂਰਬ ਵੱਲ ਵੱਧ ਰਹੇ ਹਨ | ਇਨ੍ਹਾਂ 'ਚ ਟਰਾਂਸਪੋਰਟ ਅਤੇ ਹਮਲਾਵਰ ਜ਼ਹਾਜ਼ ਵੀ ਸ਼ਾਮਿਲ ਹਨ | ਮੰਨਿਆ ਜਾ ਰਿਹਾ ਹੈ ਕਿ 4000 ਤੋਂ ਵੱਧ ਜਲ ਸੈਨਿਕ ਜਹਾਜ਼ਾਂ 'ਤੇ ਖਾੜੀ ਵੱਲ ਵੱਧ ਰਹੇ ਹਨ ਅਤੇ ਇਸ ਦੇ 82ਵੀਂ ਏਅਰਬੋਰਨ ਡਿਵੀਜ਼ਨ ਦੇ ਪੈਰਾਟਰੂਪਰ ਵੀ ਪੂਰੀ ਤਰ੍ਹਾ ਤਿਆਰ ਹਨ | 'ਦ ਵਾਸ਼ਿੰਗਟਨ ਪੋਸਟ' ਰਿਪੋਰਟ ਅਨੁਸਾਰ ਇਹ ਮੁਹਿੰਮ ਪੂਰਨ ਹਮਲੇ ਤੋਂ ਘੱਟ ਨਹੀਂ ਹੈ ਪਰ ਇਸ 'ਚ ਵਿਸ਼ੇਸ਼ ਕਾਰਵਾਈਆਂ ਅਤੇ ਰਵਾਇਤੀ ਪੈਦਲ ਫ਼ੌਜਾਂ ਵਲੋਂ ਛਾਪੇਮਾਰੀ ਸ਼ਾਮਿਲ ਹੋ ਸਕਦੀ ਹੈ, ਜਿਸ ਦੌਰਾਨ ਅਮਰੀਕੀ ਫ਼ੌਜੀਆਂ ਨੂੰ ਈਰਾਨੀ ਡਰੋਨ, ਮਿਜ਼ਾਈਲਾਂ, ਜ਼ਮੀਨੀ ਗੋਲੀਬਾਰੀ ਅਤੇ ਤੱਤਕਾਲੀ ਧਮਾਕਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਰਿਪੋਰਟ ਅਨੁਸਾਰ ਰਾਸ਼ਟਰਪਤੀ ਡੋਨਾਲਡ ਟਰੰਪ ਇਨ੍ਹਾਂ 'ਚੋਂ ਕਿਸ ਯੋਜਨਾ ਨੂੰ ਮਨਜ਼ੂਰੀ ਦੇਣਗੇ, ਇਹ ਅਜੇ ਅਨਿਸ਼ਚਿਤ ਹੈ | ਦੂਜੇ ਪਾਸੇ, ਈਰਾਨ ਦੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਕਾਲੀਬਾਫ ਨੇ ਅਮਰੀਕਾ ਨੂੰ ਜ਼ਮੀਨੀ ਹਮਲੇ ਵਿਰੁੱਧ ਚਿਤਾਵਨੀ ਦਿੰਦਿਆਂ ਕਿਹਾ ਕਿ ਸਾਡੀਆਂ ਫ਼ੌਜਾਂ ਅਮਰੀਕੀ ਫ਼ੌਜਾਂ ਦੇ ਆਉਣ ਦੀ ਉਡੀਕ ਕਰ ਰਹੀਆਂ ਹਨ ਤਾਂ ਜੋ ਉਨ੍ਹਾਂ ਨੂੰ ਅੱਗ ਦੇ ਹਵਾਲੇ ਕੀਤਾ ਜਾ ਸਕੇ ਅਤੇ ਉਨ੍ਹਾਂ ਦੇ ਖੇਤਰੀ ਭਾਈਵਾਲਾਂ ਨੂੰ ਹਮੇਸ਼ਾ ਲਈ ਸਜ਼ਾ ਦਿੱਤੀ ਜਾ ਸਕੇ | ਕਾਲੀਬਾਫ ਨੇ ਕਿਹਾ ਕਿ ਸਾਡੀ ਗੋਲੀਬਾਰੀ ਜਾਰੀ ਹੈ | ਸਾਡੀਆਂ ਮਿਜ਼ਾਈਲਾਂ ਆਪਣੀ ਜਗ੍ਹਾ 'ਤੇ ਹਨ | ਸਾਡਾ ਦਿ੍ੜ ਇਰਾਦਾ ਤੇ ਵਿਸ਼ਵਾਸ ਵਧਿਆ ਹੈ | ਉਨ੍ਹਾਂ ਪਿਛਲੇ ਹਫ਼ਤੇ ਅਮਰੀਕਾ ਦੀ 15 ਨੁਕਾਤੀ ਯੋਜਨਾ ਦਾ ਵਰਣਨ ਕੀਤਾ, ਜੋ ਪਾਕਿਸਤਾਨ ਨੇ ਪਿਛਲੇ ਹਫ਼ਤੇ ਈਰਾਨ ਨੂੰ ਦਿੱਤੀ ਸੀ | ਕਾਲੀਬਾਫ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਉਸ ਯੋਜਨਾ ਰਾਹੀਂ ਉਹ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਉਹ ਤਾਕਤ ਨਾਲ ਪ੍ਰਾਪਤ ਕਰਨ 'ਚ ਅਸਫ਼ਲ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿੰਨਾ ਚਿਰ ਅਮਰੀਕੀ ਈਰਾਨ ਦੇ ਆਤਮ ਸਮਰਪਣ ਦੀ ਮੰਗ ਕਰਦੇ ਹਨ, ਸਾਡਾ ਜਵਾਬ ਸਪੱਸ਼ਟ ਹੈ, ਸਾਡੇ ਤੋਂ ਅਪਮਾਨ ਨੂੰ ਸਵੀਕਾਰ ਕਰਨਾ ਦੂਰ ਦੀ ਗੱਲ ਹੈ |

ਪਿਛਲੀ ਖ਼ਬਰ ਟਰੰਪ ਖ਼ਿਲਾਫ਼ ਅਮਰੀਕਾ 'ਚ ਭੜਕਿਆ ਲੋਕਾਂ ਦਾ ਗੁੱਸਾ ਅਗਲੀ ਖ਼ਬਰ ਗਰਮੀਆਂ 'ਚ ਬਿਜਲੀ ਦੇ ਭਾਰੀ ਬਿੱਲਾਂ ਤੋਂ ਖਪਤਕਾਰਾਂ ਨੂੰ ਮਿਲੇਗੀ ਰਾਹਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।