10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਔਰਤਾਂ ਨੂੰ 1000-1500 ਰੁਪਏ ਦੇਣ ਦੀ ਸਕੀਮ ਪਹਿਲੀ ਅਪ੍ਰੈਲ ਤੋਂ ਜਾਰੀ ਕਰਨ ਨੂੰ ਪ੍ਰਵਾਨਗੀ <br/>

ਅਜੀਤ ਡੈਸਕ 30-03-2026

ਪੰਜਾਬ ਮੰਤਰੀ ਮੰਡਲ ਵਲੋਂ ਯੋਜਨਾ ਵਿਭਾਗ 'ਚ ਸਿੱਧੀਆਂ ਭਰਤੀਆਂ ਨੂੰ ਹਰੀ ਝੰਡੀ
ਚੰਡੀਗੜ੍ਹ, 29 ਮਾਰਚ (ਹਰਕਵਲਜੀਤ ਸਿੰਘ)–ਪੰਜਾਬ ਮੰਤਰੀ ਮੰਡਲ ਦੀ ਇਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਇਕ ਬੈਠਕ ਵਲੋਂ ਬਜਟ ਵਿਚ ਅਨੁਸੂਚਿਤ ਜਾਤਾਂ ਦੀਆਂ ਔਰਤਾਂ ਨੂੰ 1500 ਰੁਪਏ ਅਤੇ ਬਾਕੀ ਸਾਰੀਆਂ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦੇ ਐਲਾਨ ਨੂੰ 1 ਅਪ੍ਰੈਲ ਤੋਂ ਅਮਲ ਹੇਠ ਲਿਆਉਣ ਲਈ ਪ੍ਰਵਾਨਗੀ ਦੇ ਦਿੱਤੀ | ਰਾਜ ਸਰਕਾਰ ਦੇ ਇਕ ਬੁਲਾਰੇ ਅਨੁਸਾਰ ਇਸ ਸਕੀਮ ਹੇਠ ਰਾਜ ਦੀਆਂ 97 ਫ਼ੀਸਦੀ ਔਰਤਾਂ ਕਵਰ ਹੋਣਗੀਆਂ ਅਤੇ ਰਾਜ ਸਰਕਾਰ ਬਜਟ ਵਿਚ ਇਸ ਲਈ 9300 ਕਰੋੜ ਦੀ ਰਾਸ਼ੀ ਰਾਖਵੀਂ ਰੱਖੀ ਹੋਈ ਹੈ | ਉਨ੍ਹਾਂ ਕਿਹਾ ਕਿ ਇਹ ਰਾਸ਼ੀ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤੇ ਵਿਚ ਤਬਦੀਲ (ਟਰਾਂਸਫਰ) ਕੀਤੀ ਜਾਵੇਗੀ ਅਤੇ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਜੋ ਪੰਜਾਬ ਵਿਚ ਵੋਟਰ ਵਜੋਂ ਰਜਿਸਟਰਡ ਹੋਵੇ ਅਤੇ ਜਿਸ ਦਾ ਆਧਾਰ ਕਾਰਡ ਅਤੇ ਪੰਜਾਬ ਦਾ ਵੋਟਰ ਕਾਰਡ ਹੋਵੇ ਅਤੇ ਬਜਟ ਵਿਚ ਐਲਾਨੀਆ ਸ਼ਰਤਾਂ ਪੂਰੀਆਂ ਕਰਦੀ ਹੋਵੇਗੀ, ਉਹ ਲਾਭਪਾਤਰੀ ਬਣ ਸਕੇਗੀ | ਮੰਤਰੀ ਮੰਡਲ ਵਲੋਂ ਯੋਜਨਾ ਵਿਭਾਗ ਵਿਚ 70 ਸਿੱਧੀਆਂ ਭਰਤੀਆਂ ਦੀ ਪ੍ਰਵਾਨਗੀ ਦੇਣ ਤੋਂ ਇਲਾਵਾ ਵਿੱਤੀ ਪਾਲਿਸੀ ਤੇ ਪਲੈਨਿੰਗ ਬੋਰਡ ਅਤੇ ਡਾਇਰੈਕਟੋਰੇਟ ਆਫ਼ ਸਟੈਟਿਕਸ ਦੇ ਰਲੇਵੇਂ ਲਈ ਪ੍ਰਵਾਨਗੀ ਦੇ ਦਿੱਤੀ | ਇਸੇ ਤਰ੍ਹਾਂ ਮੰਤਰੀ ਮੰਡਲ ਵਲੋਂ ਸੂਬੇ ਵਿਚਲੇ ਲੀਜ਼ ਹੋਲਡ ਸਨਅਤੀ ਪਲਾਟਾਂ ਅਤੇ ਸ਼ੈਡਾਂ ਨੂੰ ਫਰੀ ਹੋਲਡ ਕਰਨ ਦੀ ਤਜਵੀਜ਼ ਨੂੰ ਵੀ ਪ੍ਰਵਾਨਗੀ ਦੇ ਦਿੱਤੀ, ਜਿਸ ਲਈ ਜਾਇਦਾਦ ਦੀ ਕੀਮਤ ਦੀ 5 ਫ਼ੀਸਦੀ ਫੀਸ ਅਦਾ ਕਰਨੀ ਹੋਵੇਗੀ | ਮੰਤਰੀ ਮੰਡਲ ਵਲੋਂ ਸਤਲੁਜ ਦਰਿਆ 'ਚੋਂ ਗਾਰ ਕੱਢਣ ਲਈ ਵੀ ਪ੍ਰਵਾਨਗੀ ਦਿੱਤੀ ਗਈ, ਜੋ ਕੌਮੀ ਸੜਕੀ ਮਾਰਗਾਂ ਲਈ ਵਰਤੀ ਜਾਵੇਗੀ ਅਤੇ ਇਸ ਨਾਲ ਐਨ. ਐਚ. ਏ. ਆਈ. ਦੇ ਕੰਮਾਂ ਵਿਚ ਤੇਜ਼ੀ ਆਵੇਗੀ | ਮੰਤਰੀ ਮੰਡਲ ਵਲੋਂ ਪੰਜਾਬ ਸਰਕਾਰ ਨੂੰ ਅਲਾਟ ਪਛਵਾੜਾ ਕੋਲੇ ਦੀ ਖ਼ਾਨ ਲਈ ਠੇਕੇ 'ਤੇ ਮੁਲਾਜ਼ਮ ਭਰਤੀ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ, ਜਿਸ ਲਈ ਵਿਭਾਗੀ ਪ੍ਰਬੰਧਕੀ ਸਕੱਤਰ ਅਧੀਨ ਇਕ ਕਮੇਟੀ ਦਾ ਵੀ ਗਠਨ ਕੀਤਾ ਗਿਆ, ਜਿਸ ਵਿਚ ਬਿਜਲੀ ਨਿਗਮ ਦੇ ਸੀ.ਐਮ.ਡੀ. ਅਤੇ ਡਰੈਕਟਰ ਜਨਰੇਸ਼ਨ ਮੈਂਬਰ ਹੋਣਗੇ | ਮੰਤਰੀ ਮੰਡਲ ਵਲੋਂ ਇਕ ਹੋਰ ਫੈਸਲਾ ਲੈਂਦਿਆਂ ਬਿਜਲੀ ਨਿਗਮ ਦੇ ਚੇਅਰਮੈਨ ਕੰਮ ਐਮ.ਡੀ. ਅਤੇ ਡਾਇਰੈਕਟਰ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਹੁਦਿਆਂ ਲਈ ਨਿਯੁਕਤੀਆਂ ਸੰਬੰਧੀ ਯੋਗਤਾਵਾਂ ਅਤੇ ਤਜ਼ਰਬਾ ਸ਼ਰਤਾਂ ਬਦਲਣ ਨੂੰ ਵੀ ਪ੍ਰਵਾਨਗੀ ਦਿੱਤੀ ਪਰ ਇਹ ਤਬਦੀਲੀ ਕੀ ਹੋਵੇਗੀ, ਇਹ ਸਪੱਸ਼ਟ ਨਹੀਂ ਕੀਤਾ ਗਿਆ |

ਪਿਛਲੀ ਖ਼ਬਰ ਪਾਕਿ ਦੇ ਵਿਦੇਸ਼ ਮੰਤਰੀ ਵਲੋਂ ਤੁਰਕੀ, ਮਿਸਰ, ਸਾਊਦੀ ਦੇ ਹਮਰੁਤਬਾ ਨਾਲ ਮੀਟਿੰਗਾਂ ਅਗਲੀ ਖ਼ਬਰ ਜੰਗ ਤੋਂ ਪੈਦਾ ਹੋਈਆਂ ਚੁਣੌਤੀਆਂ ਦਾ ਮਿਲ ਕੇ ਸਾਹਮਣਾ ਕਰਨ ਦੇਸ਼ਵਾਸੀ-ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।