10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਜੰਗ ਤੋਂ ਪੈਦਾ ਹੋਈਆਂ ਚੁਣੌਤੀਆਂ ਦਾ ਮਿਲ ਕੇ ਸਾਹਮਣਾ ਕਰਨ ਦੇਸ਼ਵਾਸੀ-ਮੋਦੀ

ਅਜੀਤ ਡੈਸਕ 30-03-2026

ਕਿਹਾ, ਸਾਰੇ ਚੌਕਸ ਰਹਿਣ ਪਰ ਅਫ਼ਵਾਹਾਂ ਤੋਂ ਬਚਣ
ਨਵੀਂ ਦਿੱਲੀ, 29 ਮਾਰਚ (ਜਗਤਾਰ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਸਿਕ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 132ਵੇਂ ਐਪੀਸੋਡ ਵਿਚ ਆਪਣੇ ਸੰਬੋਧਨ ਦੌਰਾਨ ਮੱਧ ਪੁਰਬ ਦੇਸ਼ਾਂ ਵਿਚ ਚੱਲ ਰਹੀ ਜੰਗ ਤੋਂ ਪੈਦਾ ਹੋਈ ਸਥਿਤੀ ਸਮੇਤ ਹੋਰ ਵੱਖ ਵੱਖ ਮੁੱਦਿਆਂ 'ਤੇ ਚਰਚਾ ਕੀਤੀ | ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਕਾਰ ਜੰਗ ਕਾਰਨ ਪੈਦਾ ਹੋਏ ਪੈਟਰੋਲ-ਡੀਜ਼ਲ ਸੰਕਟ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਹਾਲਾਤ ਚੁਣੌਤੀਪੂਰਨ ਹਨ ਪਰ ਭਾਰਤ ਆਪਣੀ ਜ਼ਮੀਨ 'ਤੇ ਮਜ਼ਬੂਤੀ ਨਾਲ ਖੜ੍ਹਾ ਹੈ ਅਤੇ ਇਨ੍ਹਾਂ ਹਾਲਾਤ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਸਥਿਤੀ ਵਿਚ ਕੁਝ ਲੋਕ ਮਾਹੌਲ ਵਿਗਾੜਨ ਦੀ ਕੋਸ਼ਿਸ਼ ਵਿਚ ਜੁਟੇ ਹੋਏ ਹਨ, ਇਸ ਲਈ ਸਾਡੀ ਅਪੀਲ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਫ਼ਵਾਹਾਂ 'ਤੇ ਵਿਸ਼ਵਾਸ ਨਾ ਕੀਤਾ ਜਾਵੇ ਅਤੇ ਸਿਰਫ਼ ਸਰਕਾਰ ਵਲੋਂ ਦਿੱਤੀ ਜਾਣਕਾਰੀ 'ਤੇ ਹੀ ਭਰੋਸਾ ਕੀਤਾ ਜਾਵੇ | ਖਾੜੀ ਦੇਸ਼ਾਂ ਵਿਚ ਰਹਿਣ ਵਾਲੇ ਲੱਖਾਂ ਭਾਰਤੀਆਂ ਨੂੰ ਹਰ ਸੰਭਵ ਮਦਦ ਦੇਣ ਲਈ ਮੋਦੀ ਨੇ ਖਾੜੀ ਦੇਸ਼ਾਂ ਦਾ ਧੰਨਵਾਦ ਵੀ ਕੀਤਾ | ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਰਚ ਦਾ ਮਹੀਨਾ ਵਿਸ਼ਵ ਪੱਧਰ 'ਤੇ ਕਾਫ਼ੀ ਘਟਨਾਵਾਂ ਨਾਲ ਭਰਿਆ ਰਿਹਾ ਹੈ | ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਤੋਂ ਸਾਡੇ ਗੁਆਂਢ ਵਿਚ ਇਕ ਭਿਆਨਕ ਜੰਗ ਚੱਲ ਰਹੀ ਹੈ | ਉਨ੍ਹਾਂ ਕਿਹਾ ਕਿ ਜਿਸ ਖੇਤਰ ਵਿਚ ਇਸ ਸਮੇਂ ਜੰਗ ਚੱਲ ਰਹੀ ਹੈ, ਉਹ ਸਾਡੀਆਂ ਊਰਜਾ ਜ਼ਰੂਰਤਾਂ ਦਾ ਇਕ ਵੱਡਾ ਕੇਂਦਰ ਹੈ | ਨਤੀਜੇ ਵਜੋਂ ਦੁਨੀਆ ਭਰ ਵਿਚ ਪੈਟਰੋਲ ਅਤੇ ਡੀਜ਼ਲ ਨੂੰ ਲੈ ਕੇ ਸੰਕਟ ਵਾਲੀ ਸਥਿਤੀ ਪੈਦਾ ਹੋ ਰਹੀ ਹੈ, ਪਰ ਸਾਡੇ ਵਿਸ਼ਵ-ਵਿਆਪੀ ਸੰਬੰਧਾਂ, ਵੱਖ-ਵੱਖ ਦੇਸ਼ਾਂ ਤੋਂ ਸਾਨੂੰ ਮਿਲ ਰਹੇ ਸਹਿਯੋਗ ਅਤੇ ਪਿਛਲੇ ਦਹਾਕੇ ਦੌਰਾਨ ਦੇਸ਼ ਦੁਆਰਾ ਬਣਾਈਆਂ ਗਈਆਂ ਸਮਰੱਥਾਵਾਂ ਦੇ ਕਾਰਨ ਭਾਰਤ ਆਪਣੀ ਜ਼ਮੀਨ 'ਤੇ ਮਜ਼ਬੂਤੀ ਨਾਲ ਖੜ੍ਹਾ ਹੈ ਅਤੇ ਇਨ੍ਹਾਂ ਹਾਲਾਤ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠ ਰਿਹਾ ਹੈ | ਮੋਦੀ ਨੇ ਕਿਹਾ ਕਿ ਜੋ ਲੋਕ ਇਸ ਮੁੱਦੇ 'ਤੇ ਵੀ ਰਾਜਨੀਤੀ ਕਰ ਰਹੇ ਹਨ, ਉਨ੍ਹਾਂ ਨੂੰ ਅਜਿਹਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ | ਇਹ 140 ਕਰੋੜ ਨਾਗਰਿਕਾਂ ਦੇ ਹਿੱਤਾਂ ਨਾਲ ਸਿੱਧਾ ਜੁੜਿਆ ਮਾਮਲਾ ਹੈ | ਮੋਦੀ ਨੇ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਨੌਜਵਾਨ ਦੇਸ਼ ਹੈ ਅਤੇ ਜਦੋਂ ਦੇਸ਼ ਦੇ ਨੌਜਵਾਨਾਂ ਦੀ ਤਾਕਤ ਨੂੰ ਰਾਸ਼ਟਰ ਨਿਰਮਾਣ 'ਚ ਲਗਾਇਆ ਜਾਂਦਾ ਹੈ, ਤਾਂ ਇਹ ਬਹੁਤ ਵੱਡਾ ਸਮਰਥਨ ਪ੍ਰਦਾਨ ਕਰਦਾ ਹੈ | ਖੇਡਾਂ ਦਾ ਜ਼ਿਕਰ ਕਰਦਿਆਂ ਮੋਦੀ ਨੇ ਟੀ-20 ਵਿਸ਼ਵ ਕੱਪ ਵਿਚ ਭਾਰਤ ਦੀ ਇਤਿਹਾਸਕ ਜਿੱਤ ਅਤੇ ਨਿਊਯਾਰਕ ਸਿਟੀ ਹਾਫ਼ ਮੈਰਾਥਨ ਵਿਚ ਤੀਜਾ ਸਥਾਨ ਪ੍ਰਾਪਤ ਕਰਕੇ ਇਤਿਹਾਸ ਰਚਣ ਵਾਲੇ ਉਤਰ ਪ੍ਰਦੇਸ਼ ਦੇ ਐਥਲੀਟ ਗੁਲਵੀਰ ਸਿੰਘ ਦਾ ਜ਼ਿਕਰ ਵੀ ਕੀਤਾ |
'ਪੀ.ਐਮ. ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ' ਦਾ ਪ੍ਰਭਾਵ ਦੇਸ਼ ਭਰ 'ਚ ਵੇਖਿਆ ਜਾ ਰਿਹੈ

ਪ੍ਰੋਗਰਾਮ ਦੌਰਾਨ ਮੋਦੀ ਨੇ 'ਪੀ.ਐਮ. ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ' ਦੇ ਫਾਇਦਿਆਂ 'ਤੇ ਚਾਨਣਾ ਪਾਇਆ ਅਤੇ ਕਿਹਾ ਕਿ ਇਸ ਦਾ ਪ੍ਰਭਾਵ ਦੇਸ਼ ਦੇ ਹਰ ਕੋਨੇ 'ਚ ਦੇਖਿਆ ਜਾ ਰਿਹਾ ਹੈ | ਦੁਨੀਆ ਦੀ ਸਭ ਤੋਂ ਵੱਡੀ ਅਜਿਹੀ ਪਹਿਲਕਦਮੀ ਕਹੀ ਜਾਣ ਵਾਲੀ ਘਰੇਲੂ ਛੱਤ ਵਾਲੀ ਸੋਲਰ ਸਕੀਮ ਦਾ ਉਦੇਸ਼ ਮਾਰਚ 2027 ਤੱਕ ਇਕ ਕਰੋੜ ਘਰਾਂ ਨੂੰ ਸੂਰਜੀ ਊਰਜਾ ਸਪਲਾਈ ਕਰਨਾ ਹੈ |
50 ਲੱਖ ਬਨਾਉਟੀ ਪਾਣੀ ਇਕੱਠਾ ਕਰਨ ਦੇ ਢਾਂਚੇ ਤੇ 70,000 ਝੀਲਾਂ ਬਣਾਈਆਂ

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ 11 ਸਾਲਾਂ 'ਚ 'ਜਲ ਸੰਚਯ ਅਭਿਆਨ' ਤਹਿਤ ਦੇਸ਼ ਭਰ 'ਚ ਲਗਭਗ 50 ਲੱਖ ਬਨਾਉਟੀ ਪਾਣੀ ਇਕੱਠਾ ਕਰਨ ਦੇ ਢਾਂਚੇ ਬਣਾਏ ਗਏ ਹਨ ਅਤੇ 'ਅੰਮਿ੍ਤ ਸਰੋਵਰ ਅਭਿਆਨ' ਤਹਿਤ 70,000 ਝੀਲਾਂ ਬਣਾਈਆਂ ਗਈਆਂ | ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਕਈ ਹਿੱਸਿਆਂ 'ਚ ਗਰਮੀਆਂ ਦੀ ਸ਼ੁਰੂਆਤ ਦੇ ਨਾਲ ਹੀ ਪਾਣੀ ਦੀ ਸੰਭਾਲ ਪ੍ਰਤੀ ਵਚਨਬੱਧਤਾ ਨੂੰ ਫਿਰ ਦੁਹਰਾਉਣ ਦਾ ਸਮਾਂ ਆ ਗਿਆ ਹੈ | ਉਨ੍ਹਾਂ ਕਿਹਾ ਕਿ ਮੈਨੂੰ ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਪਾਣੀ ਦੇ ਸੰਕਟ ਨੂੰ ਹੱਲ ਕਰਨ ਲਈ ਹੁਣ ਹਰ ਪਿੰਡ 'ਚ ਭਾਈਚਾਰਕ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ |

ਪਿਛਲੀ ਖ਼ਬਰ ਔਰਤਾਂ ਨੂੰ 1000-1500 ਰੁਪਏ ਦੇਣ ਦੀ ਸਕੀਮ ਪਹਿਲੀ ਅਪ੍ਰੈਲ ਤੋਂ ਜਾਰੀ ਕਰਨ ਨੂੰ ਪ੍ਰਵਾਨਗੀ <br/> ਅਗਲੀ ਖ਼ਬਰ ਬਿਨਾਂ ਮੁਕੱਦਮੇ ਦੇ ਕੈਦ ਸਜ਼ਾ ਹੈ-ਸੁਪਰੀਮ ਕੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।