2 ਸਾਲ ਤੋਂ ਜੇਲ੍ਹ 'ਚ ਬੰਦ ਦੋਸ਼ੀ ਨੂੰ ਜ਼ਮਾਨਤ ਦਿੱਤੀ
ਨਵੀਂ ਦਿੱਲੀ, 29 ਮਾਰਚ (ਪੀ. ਟੀ. ਆਈ.)-ਸੁਪਰੀਮ ਕੋਰਟ ਨੇ ਕਿਹਾ ਕਿ ਬਿਨਾ ਮੁਕੱਦਮੇ ਦੇ ਕੈਦ ਸਜ਼ਾ ਦੇ ਬਰਾਬਰ ਹੈ | ਸਿਖਰਲੀ ਅਦਾਲਤ ਨੇ ਪੰਜਾਬ ਦੇ ਵਾਸੀ ਦੋਸ਼ੀ ਨੂੰ ਕਤਲ ਦੀ ਕੋਸ਼ਿਸ਼ ਦੇ ਇਕ ਮਾਮਲੇ 'ਚ ਜ਼ਮਾਨਤ ਦੇ ਦਿੱਤੀ, ਕਿਉਂਕਿ ਮੁਕੱਦਮਾ ਸ਼ੁਰੂ ਹੋਣ ਤੋਂ ਬਿਨਾਂ ਹੀ ਦੋਸ਼ੀ ਦੋ ਸਾਲ ਜੇਲ੍ਹ 'ਚ ਬਿਤਾ ਚੁੱਕਾ ਹੈ | ਜਸਟਿਸ ਦੀਪਾਂਕਰ ਦੱਤਾ ਅਤੇ ਪੀ.ਵੀ. ਵਰਾਲੇ ਦੇ ਬੈਂਚ ਨੇ ਆਪਣੇ ਹੁਕਮ 'ਚ ਕਿਹਾ ਕਿ ਪ੍ਰਦੀਪ ਕੁਮਾਰ ਉਰਫ਼ ਬਾਨੂ ਨੂੰ ਫਰਵਰੀ 2024 'ਚ ਕਤਲ ਦੀ ਕੋਸ਼ਿਸ਼ ਸਮੇਤ ਵੱਖ-ਵੱਖ ਅਪਰਾਧਾਂ ਲਈ ਨਾਮਜ਼ਦ ਕੀਤਾ ਗਿਆ ਸੀ ਪਰ ਇਸਤਗਾਸਾ ਪੱਖ ਨੇ ਅਜੇ ਤੱਕ ਮਾਮਲੇ ਨਾਲ ਸੰਬੰਧਿਤ 23 ਗਵਾਹਾਂ 'ਚੋਂ ਕਿਸੇ ਇਕ ਤੋਂ ਵੀ ਪੁੱਛਗਿੱਛ ਨਹੀਂ ਕੀਤੀ ਹੈ | ਬੈਂਚ ਨੇ 11 ਜੁਲਾਈ, 2025 ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ, ਜਿਸ 'ਚ ਪ੍ਰਦੀਪ ਕੁਮਾਰ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਸੀ | ਅਦਾਲਤ ਨੇ ਅਪੀਲਕਰਤਾ ਵਿਰੁੱਧ ਦੋਸ਼ਾਂ ਨੂੰ ਸਾਬਤ ਕਰਨ ਲਈ 23 ਗਵਾਹਾਂ ਤੋਂ ਪੁੱਛਗਿੱਛ ਕਰਨ ਦਾ ਪ੍ਰਸਤਾਵ ਰੱਖਿਆ ਹੈ ਪਰ ਅਜੇ ਤੱਕ ਕਿਸੇ ਦੀ ਵੀ ਜਾਂਚ ਨਹੀਂ ਕੀਤੀ ਗਈ ਹੈ | ਇਸ ਤਰ੍ਹਾਂ ਮੁਕੱਦਮੇ ਨੂੰ ਪੂਰਾ ਹੋਣ 'ਚ ਕੁਝ ਸਮਾਂ ਲੱਗਣ ਦੀ ਸੰਭਾਵਨਾ ਹੈ | ਬੈਂਚ ਨੇ 13 ਮਾਰਚ ਦੇ ਆਪਣੇ ਹੁਕਮ 'ਚ ਕਿਹਾ ਕਿ ਪ੍ਰਦੀਪ ਕੁਮਾਰ ਨੂੰ ਗਿ੍ਫ਼ਤਾਰ ਕੀਤਿਆਂ ਲਗਭਗ ਦੋ ਸਾਲ ਬੀਤ ਚੁੱਕੇ ਹਨ ਪਰ ਨਾ ਤਾਂ ਮੁਕੱਦਮਾ ਸ਼ੁਰੂ ਹੋਇਆ ਹੈ ਅਤੇ ਨਾ ਹੀ ਇਸ ਦਾ ਕੋਈ ਨਤੀਜਾ ਆਉਣ ਦੀ ਉਮੀਦ ਹੈ | ਬੈਂਚ ਨੇ ਸਪੱਸ਼ਟ ਕੀਤਾ ਕਿ ਪ੍ਰਦੀਪ ਕੁਮਾਰ ਨੂੰ ਹੇਠਲੀ ਅਦਾਲਤ ਦੀ ਸੰਤੁਸ਼ਟੀ ਲਈ ਜ਼ਮਾਨਤ ਬਾਂਡ ਭਰਨ ਉਪਰੰਤ ਸ਼ਰਤਾਂ ਅਧੀਨ ਰਿਹਾਅ ਕੀਤਾ ਜਾਵੇਗਾ |
ਬਿਨਾਂ ਮੁਕੱਦਮੇ ਦੇ ਕੈਦ ਸਜ਼ਾ ਹੈ-ਸੁਪਰੀਮ ਕੋਰਟ
ਅਜੀਤ ਡੈਸਕ
30-03-2026