24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਅੱਜ ਜਲੰਧਰ ਆਉਣਗੇ ਪ੍ਰਧਾਨ ਮੰਤਰੀ

ਅਜੀਤ ਡੈਸਕ 01-02-2026

• ਆਦਮਪੁਰ ਹਵਾਈ ਅੱਡੇ ਦਾ ਨਾਂਅ ਗੁਰੂ ਰਵਿਦਾਸ ਜੀ ਦੇ ਨਾਂਅ 'ਤੇ ਰੱਖਣ ਦਾ ਕਰਨਗੇ ਐਲਾਨ • ਡੇਰਾ ਸੱਚਖੰਡ ਬੱਲਾਂ ਵੀ ਹੋਣਗੇ ਨਤਮਸਤਕ
ਜਲੰਧਰ, 31 ਜਨਵਰੀ (ਜਸਪਾਲ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਫਰਵਰੀ ਨੂੰ ਪੰਜਾਬ ਦੌਰੇ 'ਤੇ ਆ ਰਹੇ ਹਨ ਤੇ ਇਸ ਦੌਰਾਨ ਉਹ ਜਿੱਥੇ ਆਦਮਪੁਰ ਹਵਾਈ ਅੱਡੇ ਦਾ ਨਾਂਅ ਗੁਰੂ ਰਵਿਦਾਸ ਜੀ ਦੇ ਨਾਂਅ 'ਤੇ ਰੱਖਣ ਦਾ ਐਲਾਨ ਕਰਨਗੇ ਉਥੇ ਹੀ ਹਲਵਾਰਾ (ਲੁਧਿਆਣਾ) ਸਥਿਤ ਹਵਾਈ ਅੱਡੇ ਦੇ ਨਵੇਂ ਬਣੇ ਟਰਮੀਨਲ ਦਾ ਵੀ ਵਰਚੁਅਲੀ ਉਦਘਾਟਨ ਕਰਨਗੇ | ਬਾਅਦ 'ਚ ਉਹ ਦੁਆਬੇ ਦੇ ਪ੍ਰਮੁੱਖ ਡੇਰਾ ਸਚਖੰਡ ਬੱਲਾਂ ਵਿਖੇ ਨਤਮਸਤਕ ਹੋਣਗੇ ਤੇ ਡੇਰੇ ਦੇ ਮੁਖੀ ਸੰਤ ਨਿਰੰਜਣ ਦਾਸ ਜੀ ਨਾਲ ਵੀ ਮੁਲਾਕਾਤ ਕਰਨਗੇ | ਗੁਰੂ ਰਵਿਦਾਸ ਜੀ ਦੇ 649ਵੇਂ ਜਨਮ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਆਮਦ ਨੂੰ ਬੇਸ਼ੱਕ ਭਾਜਪਾ ਆਗੂਆਂ ਵਲੋਂ ਨਿਰੋਲ ਧਾਰਮਿਕ ਤੇ ਰੂਹਾਨੀਅਤ ਨਾਲ ਜੁੜੀ ਫੇਰੀ ਦੱਸਿਆ ਜਾ ਰਿਹਾ ਹੈ, ਪਰ ਵਿਰੋਧੀ ਪਾਰਟੀਆਂ ਵਲੋਂ ਇਸ ਨੂੰ ਸੂਬੇ ਦੀ ਰਾਜਨੀਤੀ ਤੇ ਖਾਸ ਕਰਕੇ ਦੁਆਬੇ ਦੀ ਦਲਿਤ ਸਿਆਸਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ | ਹਾਲਾਂਕਿ ਰਾਜ ਵਿਧਾਨ ਸਭਾ ਦੀਆਂ ਚੋਣਾਂ 'ਚ ਅਜੇ ਕਰੀਬ ਇਕ ਸਾਲ ਦਾ ਸਮਾਂ ਪਿਆ ਹੈ, ਪਰ ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਨੂੰ ਸੂਬੇ ਦੇ ਸਿਆਸੀ ਹਲਕਿਆਂ ਵਲੋਂ ਬੜੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ | ਇੱਥੇ ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਜਟ ਸੈਸ਼ਨ ਤੋਂ ਬਾਅਦ ਕਰੀਬ ਪੌਣੇ ਚਾਰ ਵਜੇ ਆਦਮਪੁਰ ਹਵਾਈ ਅੱਡੇ 'ਤੇ ਉੱਤਰਨਗੇ, ਜਿੱਥੇ ਉਹ ਗੁਰੂ ਰਵਿਦਾਸ ਜੀ ਨੂੰ ਉਨ੍ਹਾਂ ਦੇ ਜਨਮ ਦਿਹਾੜੇ 'ਤੇ ਸ਼ਰਧਾ ਤੇ ਸਤਿਕਾਰ ਭੇਟ ਕਰਦੇ ਹੋਏ ਆਦਮਪੁਰ ਹਵਾਈ ਅੱਡੇ ਦਾ ਨਾਂਅ 'ਸ੍ਰੀ ਗੁਰੂ ਰਵਿਦਾਸ ਜੀ ਏਅਰਪੋਰਟ ਆਦਮਪੁਰ' ਰੱਖਣ ਦਾ ਐਲਾਨ ਕਰਨਗੇ | ਇਸ ਦੇ ਨਾਲ ਹੀ ਉਹ ਪੰਜਾਬ 'ਚ ਹਵਾਬਾਜ਼ੀ ਸੰਬੰਧੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਂਦੇ ਹੋਏ ਹਲਵਾਰਾ ਹਵਾਈ ਅੱਡੇ ਦੇ ਬਣੇ ਟਰਮੀਨਲ ਦੀ ਨਵੀਂ ਇਮਾਰਤ ਦਾ ਵੀ ਵਰਚੁਅਲੀ ਉਦਘਾਟਨ ਕਰਨਗੇ, ਜਿਸ ਨਾਲ ਹਵਾਈ ਅੱਡੇ 'ਤੇ ਇਕ ਨਵਾਂ ਗੇਟਵੇਅ ਸਥਾਪਤ ਹੋਵੇਗਾ | ਇਸ ਟਰਮੀਨਲ ਦੇ ਵਿਸਥਾਰ ਨਾਲ ਜਿੱਥੇ ਲੁਧਿਆਣਾ ਦੀ ਸਨਅਤ, ਖੇਤੀਬਾੜੀ ਤੇ ਨਾਲ ਲੱਗਦੇ ਖੇਤਰਾਂ ਨੂੰ ਵੱਡਾ ਫਾਇਦਾ ਹੋਵੇਗਾ ਉਥੇ ਭਾਰਤੀ ਹਵਾਈ ਸੈਨਾ ਲਈ ਰਣਨੀਤਕ ਤੌਰ 'ਤੇ ਕਾਫੀ ਅਹਿਮ ਸਮਝੇ ਜਾਂਦੇ ਇਸ ਹਵਾਈ ਅੱਡੇ ਦੀ ਸਮਰਥਾ 'ਚ ਵੀ ਹੋਰ ਵਾਧਾ ਹੋਵੇਗਾ |

ਪਿਛਲੀ ਖ਼ਬਰ ਅੱਜ ਪੇਸ਼ ਹੋਵੇਗਾ ਕੇਂਦਰੀ ਬਜਟ ਅਗਲੀ ਖ਼ਬਰ ਭਾਰਤੀ ਪ੍ਰਵਾਸੀਆਂ ਨੂੰ ਹੱਥਕੜੀਆਂ 'ਚ ਜਕੜ ਕੇ ਡਿਪੋਰਟ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।