ਕਪੂਰਥਲਾ, 20 ਨਵੰਬਰ (ਅਮਰਜੀਤ ਕੋਮਲ)-ਸ੍ਰੀ ਗੁਰੂ ਅਮਰਦਾਸ ਜੀ ਸੀਨੀਅਰ ਸੈਕੰਡਰੀ ਸਕੂਲ ਉੱਚਾ ਬੇਟ ਦਾ ਸਾਲਾਨਾ ਇਨਾਮ ਵੰਡ ਸਮਾਗਮ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ | ਜਿਸ ਵਿਚ ਰਾਣਾ ਇੰਦਰਪ੍ਰਤਾਪ ਸਿੰਘ ਵਿਧਾਇਕ ਹਲਕਾ ਸੁਲਤਾਨਪੁਰ ਲੋਧੀ ਮੁੱਖ ਮਹਿਮਾਨ ਵਜੋਂ ਤੇ ਪ੍ਰਦੀਪ ਕੌਰ ਐਡੀਸ਼ਨਲ ਐਸ.ਐਚ.ਓ. ਫੱਤੂਢੀਂਗਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਸਮਾਗਮ ਦੇ ਆਰੰਭ ਵਿਚ ਸਕੂਲ ਦੀ ਪਿ੍ੰਸੀਪਲ ਰਜਿੰਦਰ ਕੌਰ ਨੇ ਮੁੱਖ ਮਹਿਮਾਨ ਤੇ ਹੋਰ ਸ਼ਖ਼ਸੀਅਤਾਂ ਨੂੰ ਜੀ ਆਇਆ ਕਿਹਾ ਤੇ ਬਾਅਦ ਵਿਚ ਉਨ੍ਹਾਂ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ, ਜਿਸ ਵਿਚ ਉਨ੍ਹਾਂ ਸਕੂਲ ਦੀਆਂ ਵਿੱਦਿਅਕ, ਖੇਡਾਂ, ਸਭਿਆਚਾਰਕ ਤੇ ਹੋਰ ਖੇਤਰਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਬਾਅਦ ਵਿਚ ਵਿਦਿਆਰਥੀਆਂ ਨੇ ਸ਼ਬਦ ਗਾਇਣ, ਸਵਾਗਤੀ ਗੀਤ, ਨਾਟਕ, ਡਾਂਸ ਤੇ ਹੋਰ ਸਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ | ਗਿੱਧੇ ਤੇ ਭੰਗੜੇ ਦੀ ਪੇਸ਼ਕਾਰੀ ਸਮਾਗਮ ਦਾ ਮੁੱਖ ਆਕਰਸ਼ਨ ਰਹੀ | ਇਸ ਮੌਕੇ ਰਾਣਾ ਇੰਦਰਪ੍ਰਤਾਪ ਸਿੰਘ, ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜਸਪਾਲ ਸਿੰਘ ਰੰਧਾਵਾ, ਪ੍ਰਧਾਨ ਬਲਜੀਤ ਕੌਰ ਰੰਧਾਵਾ, ਡਾਇਰੈਕਟਰ ਜਤਿੰਦਰਪਾਲ ਸਿੰਘ ਰੰਧਾਵਾ ਤੇ ਹੋਰ ਸ਼ਖ਼ਸੀਅਤਾਂ ਨੇ ਸਕੂਲ ਦੇ ਹੋਣਹਾਰ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ | ਸਮਾਗਮ ਨੂੰ ਸੰਬੋਧਨ ਕਰਦਿਆਂ ਰਾਣਾ ਇੰਦਰਪ੍ਰਤਾਪ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇ ਰਿਹਾ ਹੈ | ਉਨ੍ਹਾਂ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ, ਵਿੱਦਿਅਕ ਤੇ ਹੋਰ ਖੇਤਰਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਲਈ ਵਿਦਿਆਰਥੀਆਂ, ਸਕੂਲ ਦੇ ਸਟਾਫ਼ ਤੇ ਪ੍ਰਬੰਧਕ ਕਮੇਟੀ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਦੀ ਪਿ੍ੰਸੀਪਲ ਸਾਕਸ਼ੀ ਚੋਪੜਾ, ਸਕੂਲ ਦੇ ਸਟਾਫ਼ ਮੈਂਬਰ, ਬੱਚਿਆਂ ਦੇ ਮਾਪੇ ਤੇ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |