ਸੁਲਤਾਨਪੁਰ ਲੋਧੀ, 20 ਨਵੰਬਰ (ਥਿੰਦ, ਹੈਪੀ)-ਰਾਜ ਸਭਾ ਮੈਂਬਰ ਅਤੇ ਉੱਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ | ਸੰਤ ਸੀਚੇਵਾਲ ਨੇ ਕਿਹਾ ਕਿ ਵਾਤਾਵਰਨ, ਪਾਣੀ ਅਤੇ ਹਵਾ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਸਾਂਝੇ ਯਤਨਾਂ ਦੀ ਲੋੜ ਹੈ | ਡਰੇਨਾਂ ਵਿਚ ਸੀਵਰੇਜ ਵੇਸਟ ਦੇ ਸਿੱਧੇ ਪ੍ਰਵਾਹ ਨੂੰ ਰੋਕਣ ਲਈ ਸਰਕਾਰੀ ਅਧਿਕਾਰੀਆਂ ਨੂੰ ਨਿਗਰਾਨ ਕਮੇਟੀਆਂ ਦਾ ਗਠਨ ਕਰਨ ਦੇ ਨਿਰਦੇਸ਼ ਦਿੱਤੇ ਹਨ | ਉਨ੍ਹਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਬਾਈਪਾਸ ਬੰਦ ਕਰਨ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਡਰੇਨ ਵਿਚ ਸਿਰਫ਼ ਸੋਧਿਆ ਪਾਣੀ ਜਾਣ ਨੂੰ ਯਕੀਨੀ ਬਣਾਇਆ ਜਾ ਸਕੇ | ਸੰਤ ਸੀਚੇਵਾਲ ਨੇ ਡਰੇਨੇਜ਼ ਵਿਭਾਗ ਅਤੇ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀਆਂ ਨੂੰ ਕਾਲਾ ਸੰਘਿਆਂ ਡਰੇਨ ਦਾ ਸਾਂਝੇ ਤੌਰ 'ਤੇ ਦੌਰਾ ਕਰਨ ਲਈ ਕਿਹਾ ਤਾਂ ਜੋ ਇਸ ਵਿਚ ਆ ਰਹੀ ਤਕਨੀਕੀ ਰੁਕਾਵਟ ਨੂੰ ਜਲਦ ਤੋਂ ਜਲਦ ਦੂਰ ਕਰਕੇ 100 ਕਿਊਸਿਕ ਪਾਣੀ ਛੱਡਣ ਦਾ ਰਾਹ ਪੱਧਰਾ ਕੀਤਾ ਜਾ ਸਕੇ | ਉਨ੍ਹਾਂ ਸੁਲਤਾਨਪੁਰ ਲੋਧੀ ਨਗਰੀ ਦੀ ਸਫ਼ਾਈ ਲਈ ਅਧਿਕਾਰੀਆਂ ਤੇ ਨਗਰ ਕੌਂਸਲ ਵੱਲੋਂ ਧਿਆਨ ਨਾ ਦੇਣ ਤੇ ਵੀ ਦੁੱਖ ਪ੍ਰਗਟਾਇਆ ਕਿ ਸਤਿਗੁਰੂ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਨਗਰੀ ਦੇ ਵਿਕਾਸ ਤੇ ਸਾਫ਼ ਸਫ਼ਾਈ ਲਈ ਕੋਈ ਅਧਿਕਾਰੀ ਧਿਆਨ ਨਹੀਂ ਦੇ ਰਹੇ | ਇਸ ਸਮੇਂ ਉਨ੍ਹਾਂ ਦਿ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਨੰਬਰਦਾਰ ਸੁਰਿੰਦਰਪਾਲ ਸਿੰਘ , ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਲਾਡੀ, ਬਲਵਿੰਦਰ ਸਿੰਘ ਧਾਲੀਵਾਲ, ਵਰੁਣ ਸ਼ਰਮਾ, ਨਰੇਸ਼ ਕੁਮਾਰ ਹੈਪੀ, ਮਾਸਟਰ ਜਗਮੋਹਨ ਸਿੰਘ, ਖ਼ਜ਼ਾਨਚੀ ਸਿਮਰਨਪ੍ਰੀਤ ਸਿੰਘ ਸੰਧੂ, ਕੁਲਬੀਰ ਸਿੰਘ ਮਿੰਟੂ, ਰਾਕੇਸ਼ ਕੁਮਾਰ ਤੇ ਪਾਲ ਸਿੰਘ ਨੌਲੀ ਪੀ.ਏ. ਸੰਤ ਸੀਚੇਵਾਲ ਦਾ ਵਿਸ਼ੇਸ਼ ਸਨਮਾਨ ਸਿਰੋਪਾਓ ਦੇ ਕੇ ਕੀਤਾ |