ਖਲਵਾੜਾ, 20 ਨਵੰਬਰ (ਮਨਦੀਪ ਸਿੰਘ ਸੰਧੂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਾਰਾਏ ਵਿਖੇ ਸਾਲਾਨਾ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਬੜੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸੇਵਾ ਮੁਕਤ ਸੁਰੇਸ਼ ਗੁਪਤਾ ਨੇ ਸ਼ਿਰਕਤ ਕੀਤੀ | ਸਮਾਰੋਹ ਦੀ ਸ਼ੁਰੂਆਤ ਵਿਚ ਸਕੂਲ ਦੇ ਇੰਚਾਰਜ ਰਾਜਨ ਚੋਪੜਾ ਨੇ ਆਏ ਹੋਏ ਮੁੱਖ ਮਹਿਮਾਨਾਂ ਅਤੇ ਹੋਰ ਪਤਵੰਤੇ ਸੱਜਣਾਂ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ 'ਤੇ ਬੱਚਿਆਂ ਵੱਲੋਂ ਇੱਕ ਰੰਗਾ-ਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਨੇ ਦਰਸ਼ਕਾਂ ਦਾ ਮਨ ਮੋਹ ਲਿਆ | ਸਮਾਗਮ ਦੌਰਾਨ, ਵਿੱਦਿਅਕ ਅਤੇ ਖੇਡਾਂ ਦੇ ਖੇਤਰ ਵਿਚ ਸ਼ਾਨਦਾਰ ਮੱਲਾਂ ਮਾਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਕੂਲ ਦੀ ਸਾਲਾਨਾ ਕਾਰਗੁਜ਼ਾਰੀ ਰਿਪੋਰਟ ਰਾਜਨ ਚੋਪੜਾ ਵੱਲੋਂ ਪੇਸ਼ ਕੀਤੀ ਗਈ | ਰਿਪੋਰਟ ਵਿਚ ਦੱਸਿਆ ਗਿਆ ਕਿ ਸਕੂਲ ਦੇ 19 ਵਿਦਿਆਰਥੀਆਂ ਨੇ ਸੂਬਾ-ਪੱਧਰ 'ਤੇ 'ਟੱਗ ਆਫ ਵਾਰ' ਮੁਕਾਬਲੇ ਵਿਚ ਹਿੱਸਾ ਲਿਆ ਅਤੇ ਇੱਕ ਵਿਦਿਆਰਥੀ ਵਿਲੀਅਮ ਸਿੱਧੂ ਨੇ ਕੌਮੀ ਪੱਧਰ 'ਤੇ ਕੁਸ਼ਤੀਆਂ ਵਿਚ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ | ਇਸ ਮੌਕੇ 'ਤੇ ਪਿੰਡ ਦੇ ਸਰਪੰਚ ਸ਼੍ਰੀ ਰਜਤ ਭਨੋਟ, ਸਮੂਹ ਮੈਂਬਰ ਗ੍ਰਾਮ ਪੰਚਾਇਤ, ਸਾਬਕਾ ਸਰਪੰਚ ਸ. ਕੁਲਵੰਤ ਸਿੰਘ, ਜਸਵਿੰਦਰ ਸਿੰਘ, ਸ਼੍ਰੀ ਰਾਮ ਲਾਲ, ਸ਼੍ਰੀ ਗੁਰਦੇਵ ਸਿੰਘ (ਯੂ.ਕੇ.), ਚੇਅਰਪਰਸਨ ਸ਼੍ਰੀਮਤੀ ਨਿਸ਼ਾ ਰਾਣੀ ਅਤੇ ਐਸ.ਐਮ.ਸੀ. ਮੈਂਬਰ, ਵਿਦਿਆਰਥੀਆਂ ਦੇ ਮਾਪੇ, ਸਕੂਲ ਦੇ ਵਿਦਿਆਰਥੀ ਅਤੇ ਸਮੂਹ ਸਟਾਫ਼ ਹਾਜ਼ਰ ਸੀ | ਸਮਾਗਮ ਦੇ ਅੰਤ ਵਿਚ ਸਭ ਦਾ ਧੰਨਵਾਦ ਕੀਤਾ ਗਿਆ |