ਖਲਵਾੜਾ, 20 ਨਵੰਬਰ (ਮਨਦੀਪ ਸਿੰਘ ਸੰਧੂ)-ਪਿੰਡ ਲੱਖਪੁਰ ਦੇ ਜੰਮਪਲ ਡਾ. ਸਤਨਾਮ ਸਿੰਘ ਬੰਗੜ ਯੂ.ਐਸ.ਏ., ਨਛੱਤਰ ਸਿੰਘ ਢੱਡਵਾਲ ਯੂ.ਐਸ.ਏ., ਗੁਰਦੇਵ ਸਿੰਘ, ਯੂ.ਐਸ.ਏ., ਬਲਵਿੰਦਰ ਸਿੰਘ ਕੈਨੇਡਾ ਅਤੇ ਭਰਪੂਰ ਸਿੰਘ ਕੈਨੇਡਾ ਨੇ ਪਿੰਡ ਲੱਖਪੁਰ ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਉਪਰੰਤ ਸਮੂਹ ਪ੍ਰਵਾਸੀ ਭਾਰਤੀਆਂ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖਪੁਰ ਪੁੱਜਣ 'ਤੇ ਗ੍ਰਾਮ ਪੰਚਾਇਤ ਅਤੇ ਸਮੂਹ ਸਕੂਲ ਸਟਾਫ਼ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਗੱਲਬਾਤ ਕਰਦਿਆਂ ਉਕਤ ਪ੍ਰਵਾਸੀ ਭਾਰਤੀਆਂ ਨੇ ਕਿਹਾ ਕਿ ਉਨ੍ਹਾਂ ਨੇ ਇਸੇ ਸਕੂਲ ਵਿਚ ਆਪਣੀ ਪੜ੍ਹਾਈ ਕੀਤੀ ਅਤੇ ਵਿਦੇਸ਼ਾਂ 'ਚ ਵਧੀਆ ਰੁਜ਼ਗਾਰ ਕਰ ਰਹੇ ਹਨ | ਪਿੰਡ ਅਤੇ ਸਕੂਲ ਦੇ ਨਾਲ ਉਨ੍ਹਾਂ ਨੂੰ ਦਿਲੀ ਪਿਆਰ ਹੈ | ਉਨ੍ਹਾਂ ਦੀ ਇੱਛਾ ਹੈ ਕਿ ਪਿੰਡ ਲੱਖਪੁਰ ਅਤੇ ਇੱਥੋਂ ਦੇ ਸਰਕਾਰੀ ਸੀ.ਸੈ. ਸਕੂਲ ਵਿਚ ਵਧੀਆ ਸਹੂਲਤਾਂ ਦਾ ਪ੍ਰਬੰਧ ਹੋਵੇ | ਜਿਸ ਕਰਕੇ ਉਹ ਪਿੰਡ ਅਤੇ ਸਕੂਲ ਦੇ ਵਿਕਾਸ ਲਈ ਆਪਸੀ ਸਹਿਯੋਗ ਨਾਲ ਪੈਸੇ ਇਕੱਠੇ ਕਰਕੇ ਭੇਜਦੇ ਹਨ | ਉਨ੍ਹਾਂ ਭਰੋਸਾ ਦਿੱਤਾ ਕਿ ਪਿੰਡ ਦੇ ਵਿਕਾਸ ਲਈ ਰਕਮ ਦੀ ਕਮੀ ਨਹੀਂ ਹੋਣ ਦਿੱਤੀ ਜਾਵੇਗੀ | ਇਸ ਮੌਕੇ ਰਿਟਾ. ਪਿ੍ੰਸੀਪਲ ਜਸਵਿੰਦਰ ਸਿੰਘ ਬੰਗੜ ਨੇ ਦੱਸਿਆ ਕਿ ਪ੍ਰਵਾਸੀ ਭਾਰਤੀਆਂ ਦੇ ਵਡਮੁੱਲੇ ਯੋਗਦਾਨ ਸਦਕਾ ਸਰਕਾਰੀ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਲੱਖਪੁਰ ਦੀਆਂ ਇਮਾਰਤਾਂ ਨੂੰ ਵਧੀਆ ਦਿੱਖ ਪ੍ਰਦਾਨ ਕਰਨ ਦੇ ਨਾਲ ਵਧੀਆ ਆਧੁਨਿਕ ਸਹੂਲਤਾਂ ਵੀ ਦਿੱਤੀਆਂ ਗਈਆਂ ਹਨ | ਬੱਸ ਸਟੈਂਡ ਦੀ ਉਸਾਰੀ ਅਤੇ ਸੀਵਰੇਜ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ | ਉਨ੍ਹਾਂ ਸਮੂਹ ਐਨ.ਆਰ.ਆਈ. ਵੀਰਾਂ ਦਾ ਸਹਿਯੋਗ ਲਈ ਧੰਨਵਾਦ ਵੀ ਕੀਤਾ | ਅਖੀਰ ਵਿਚ ਸਕੂਲ ਦੇ ਕਾਰਜਕਾਰੀ ਪਿ੍ੰਸੀਪਲ ਇੰਦਰਜੀਤ ਕੌਰ ਨੇ ਸਮੂਹ ਪਤਵੰਤਿਆਂ ਦਾ ਪਹੁੰਚਣ ਲਈ ਧੰਨਵਾਦ ਕੀਤਾ | ਇਸ ਮੌਕੇ ਸਰਬਜੀਤ ਸਿੰਘ ਢੱਡਵਾਲ, ਮੋਹਨ ਸਿੰਘ, ਗੁਰਮੀਤ ਸਿੰਘ ਸਰਪੰਚ, ਦਵਿੰਦਰ ਸਿੰਘ ਪੰਚ ਤੋਂ ਇਲਾਵਾ ਸਕੂਲ ਸਟਾਫ਼ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ |