ਫਗਵਾੜਾ, 19 ਨਵੰਬਰ (ਹਰਜੋਤ ਸਿੰਘ ਚਾਨਾ)-ਸ਼ਹਿਰ ਦੀਆਂ ਸੜਕਾਂ ਬਣਾਉਣ ਲਈ ਨਗਰ ਨਿਗਮ 10 ਕਰੋੜ ਰੁਪਏ ਖ਼ਰਚ ਕਰੇਗਾ ਇਹ ਫ਼ੈਸਲਾ ਅੱਜ ਨਿਗਮ ਦੀ ਹੋਈ ਮੀਟਿੰਗ 'ਚ ਕੀਤਾ ਗਿਆ | ਮੇਅਰ ਰਾਮਪਾਲ ਉੱਪਲ ਨੇ ਦੱਸਿਆ ਕਿ ਸ਼ਹਿਰ ਦੇ 50 ਵਾਰਡਾਂ ਨੂੰ 10-10 ਲੱਖ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾਣਗੇ ਤੇ ਸ਼ਹਿਰ ਦੀਆਂ ਲਾਈਟਾਂ ਤੇ 2 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ | ਬਲਾਕ ਕਾਂਗਰਸ ਪ੍ਰਧਾਨ ਤਰਨਜੀਤ ਸਿੰਘ ਵਾਲੀਆ ਨੇ ਕਿਹਾ ਕਿ ਸ਼ਹਿਰ ਬੁਰੀ ਤਰ੍ਹਾਂ ਹਨੇਰੇ 'ਚ ਡੁੱਬਿਆ ਪਿਆਰ ਹੈ ਜਿਹੜੀ ਵੀ ਲਾਈਟ ਰਿਪੇਅਰ ਲਈ ਉਤਾਰੀ ਜਾਂਦੀ ਹੈ ਉਹ ਵਾਪਸ ਨਹੀਂ ਲੱਗਦੀ | ਉਨ੍ਹਾਂ ਕਿਹਾ ਕਿ ਕਰੀਬ 98 ਲੱਖ ਦੀਆਂ ਲਾਈਟਾਂ ਪਹਿਲਾਂ ਲਗਾਈਆਂ ਗਈਆਂ ਹਨ ਪਰ ਲਾਈਟਾਂ ਅਜੇ ਤੱਕ ਲੱਗੀਆਂ ਵੀ ਨਹੀਂ ਦਿਖਾਈ ਦੇ ਰਹੀਆਂ | ਉਨ੍ਹਾਂ ਕਿਹਾ ਕਿ ਹਾਊਸ ਦੀ ਕਾਰਵਾਈ ਮੈਂਬਰਾਂ ਨੂੰ ਨਹੀਂ ਭੇਜੀ ਜਾਂਦੀ ਸਿਰਫ਼ ਇੰਨਾ ਹੀ ਲਿਖਿਆ ਜਾਂਦਾ ਹੈ ਕਿ ਇਹ ਟੈਂਡਰ ਪਾਸ ਹੋਏ ਹਨ | ਮੇਅਰ ਨੇ ਭਰੋਸਾ ਦਿੱਤਾ ਕਿ ਅਗਾਂਹ ਤੋਂ ਕਾਰਵਾਈ ਭੇਜੀ ਜਾਵੇਗੀ | ਵਾਲੀਆ ਨੇ ਨਿਗਮ ਦੀ ਮੀਟਿੰਗ 'ਚ ਪੱਤਰਕਾਰਾਂ ਦਾ ਜਾਣਾ ਬੰਦ ਕੀਤੇ ਜਾਣ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਇਹ ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ ਹੈ |