ਕਪੂਰਥਲਾ, 7 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਂਧਰਾ ਪ੍ਰਦੇਸ਼ ਦੇ ਸਭਿਆਚਾਰ, ਸੰਸਕ੍ਰਿਤੀ ਅਤੇ ਵਿਰਸੇ ਬਾਰੇ ਜਾਣੂ ਕਰਵਾਉਣ ਦੇ ਮਨੋਰਥ ਨਾਲ ਭਾਰਤ ਸਰਕਾਰ ਵਲੋਂ ਆਰੰਭ ਕੀਤੇ ਗਏ ਪ੍ਰੋਗਰਾਮ 'ਏਕ ਭਾਰਤ ਸ੍ਰੇਸ਼ਟ ਭਾਰਤ' ਅਧੀਨ ਸਰਕਾਰੀ ਸਕੂਲਾਂ ਵਿਚ ਪੜ੍ਹਦੇ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਜ਼ਿਲ੍ਹਾ ਪੱਧਰੀ ਫੋਕ ਡਾਂਸ ਤੇ ਪੇਂਟਿੰਗ ਬਣਾਉਣ ਦਾ ਮੁਕਾਬਲਾ ਸਥਾਨਕ ਹਿੰਦੂ ਕੰਨਿਆ ਕਾਲਜ ਵਿਚ ਹਰਜਿੰਦਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦੀ ਅਗਵਾਈ ਵਿਚ ਕਰਵਾਇਆ ਗਿਆ | ਜਿਸ ਦੀ ਪ੍ਰਧਾਨਗੀ ਨਗਰ ਨਿਗਮ ਦੀ ਕਮਿਸ਼ਨਰ ਅਨੂਪਮ ਕਲੇਰ, ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਡਾ. ਕੁਲਵਿੰਦਰ ਕੌਰ ਨੇ ਕੀਤੀ | ਸਮਾਗਮ ਨੂੰ ਸੰਬੋਧਨ ਕਰਦਿਆਂ ਅਨੂਪਮ ਕਲੇਰ ਨੇ ਕਿਹਾ ਕਿ ਭਾਰਤ ਦੀ ਖ਼ੂਬਸੂਰਤੀ ਇਸ ਦੀ ਵਿਭਿੰਨਤਾ ਵਿਚ ਹੈ ਤੇ ਵੱਖ-ਵੱਖ ਪ੍ਰਾਂਤਾ ਦੇ ਸਭਿਆਚਾਰ ਤੇ ਵਿਰਸੇ ਦੇ ਵਿਭਿੰਨ ਰੰਗ ਇਸ ਦੀ ਖ਼ੂਬਸੂਰਤੀ ਵਿਚ ਹੋਰ ਵਾਧਾ ਕਰਦੇ ਹਨ | ਉਨ੍ਹਾਂ ਵਿਦਿਆਰਥੀਆਂ ਵਲੋਂ ਆਂਧਰਾ ਪ੍ਰਦੇਸ਼ ਨਾਲ ਸਬੰਧਿਤ ਪੇਸ਼ ਕੀਤੇ ਫੋਕ ਡਾਂਸ ਤੇ ਸਭਿਆਚਾਰ ਨੂੰ ਦਰਸਾਉਂਦੀਆਂ ਪੇਂਟਿੰਗ ਦੀ ਵੀ ਸ਼ਲਾਘਾ ਕੀਤੀ | ਫੋਕ ਡਾਂਸ ਦੀ ਜੱਜਮੈਂਟ ਡਾਂਸ ਟੀਚਰ ਨਿਧੀ ਸ੍ਰੀਵਾਸਤਵ ਆਰਮੀ ਸਕੂਲ ਬਿਆਸ, ਪੂਜਾ ਕੈਂਬਰਿਜ ਪਬਲਿਕ ਸਕੂਲ, ਸੁਮਨ ਸ਼ਰਮਾ ਹਿੰਦੂ ਪੁੱਤਰੀ ਪਾਠਸ਼ਾਲਾ ਅਤੇ ਪੇਂਟਿੰਗ ਮੁਕਾਬਲੇ ਦੀ ਜੱਜਮੈਂਟ ਪ੍ਰੋਫੈਸ਼ਨਲ ਆਰਟਿਸਟ ਮੋਹਨ ਲਾਲ, ਜਸਵੰਤ ਸਿੰਘ ਸੁਲਤਾਨ ਕ੍ਰਿਏਸ਼ਨ ਜਲੰਧਰ, ਪੂਜਾ ਅਰੋੜਾ ਆਨੰਦ ਪਬਲਿਕ ਸਕੂਲ ਕਪੂਰਥਲਾ ਨੇ ਬਹੁਤ ਬਾਰੀਕੀ ਨਾਲ ਕੀਤੀ | ਜ਼ਿਲ੍ਹਾ ਕੋਆਰਡੀਨੇਟਰ ਲੈਕਚਰਾਰ ਸੁਨੀਲ ਬਜਾਜ ਅਤੇ ਟੈਕਨੀਕਲ ਸਹਾਇਕ ਜਗਦੀਪ ਸਿੰਘ ਜੰਮੂ ਨੇ ਨਤੀਜਾ ਜਾਰੀ ਕਰਦੇ ਹੋਏ ਕਿਹਾ ਕਿ ਪੇਂਟਿੰਗ ਮੁਕਾਬਲੇ ਵਿਚ ਮਿਡਲ ਪੱਧਰ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਵਾਨੀਪੁਰ ਦੀ ਸਿਮਰਨਪ੍ਰੀਤ ਕੌਰ ਨੇ ਪਹਿਲਾ, ਰਾਮਪੁਰ ਜਗੀਰ ਦੀ ਸੁਖਮਨਦੀਪ ਕੌਰ ਨੇ ਦੂਜਾ ਤੇ ਭੁੱਲਾਰਾਏ ਸਕੂਲ ਦੀ ਕਾਜਲ ਕੁਮਾਰੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਸੈਕੰਡਰੀ ਪੱਧਰ ਦੇ ਪੇਂਟਿੰਗ ਮੁਕਾਬਲੇ ਵਿਚ ਗਰਲਜ਼ ਸਕੂਲ ਫਗਵਾੜਾ ਦੀ ਰੂਪਾਲੀ ਨੇ ਪਹਿਲਾ, ਹਾਈ ਸਕੂਲ ਪਾਂਸ਼ਟਾ ਦੀ ਗੁਰਲੀਨ ਕੌਰ ਨੇ ਦੂਜਾ ਤੇ ਭਵਾਨੀਪੁਰ ਸਕੂਲ ਦੇ ਲਵਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ | ਫੋਕ ਡਾਂਸ ਵਿਚ ਗਰਲਜ਼ ਸਕੂਲ ਫਗਵਾੜਾ ਦੀ ਜੰਨਤ ਨੇ ਪਹਿਲਾ, ਮਿਡਲ ਸਕੂਲ ਹੁਸੈਨਪੁਰ ਦੀ ਦਲਜੀਤ ਕੌਰ ਨੇ ਦੂਸਰਾ ਤੇ ਮਿਡਲ ਸਕੂਲ ਤਲਵੰਡੀ ਮਹਿੰਮਾ ਦੀ ਰੀਤਿਕਾ ਚੌਧਰੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਸੈਕੰਡਰੀ ਪੱਧਰ 'ਤੇ ਫੋਕ ਡਾਂਸ ਵਿਚ ਸੀਨੀਅਰ ਸੈਕੰਡਰੀ ਸਕੂਲ ਭਵਾਨੀਪੁਰ ਦੀ ਸਾਨੀਆ ਨੇ ਪਹਿਲਾ, ਅਠੌਲੀ ਸਕੂਲ ਦੀ ਰੀਤਿਕਾ ਭਾਰਦਵਾਜ ਨੇ ਦੂਸਰਾ ਤੇ ਸੀਨੀਅਰ ਸੈਕੰਡਰੀ ਸਕੂਲ ਹੁਸੈਨਪੁਰ ਆਰ.ਸੀ.ਐਫ. ਦੀ ਸਮਿੱਤਰਾ ਵਿਸ਼ੁਕਰਮਾ ਨੇ ਤੀਸਰਾ ਸਥਾਨ ਹਾਸਲ ਕੀਤਾ | ਮੁਕਾਬਲੇ ਵਿਚ ਜੇਤੂ ਰਹੀਆਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਗਾਈਡ ਅਧਿਆਪਕਾਂ ਨੂੰ ਮੁੱਖ ਮਹਿਮਾਨ ਅਨੂਪਮ ਕਲੇਰ ਨੇ ਸਰਟੀਫਿਕੇਟ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਨ੍ਹਾਂ ਮੁਕਾਬਲਿਆਂ ਨੂੰ ਸਫ਼ਲ ਬਣਾਉਣ ਵਿਚ ਸੁਪਰਡੈਂਟ ਸੰਜੀਵ ਭੱਲਾ, ਰਕੇਸ਼ ਕੁਮਾਰ, ਲਵਲੀਨ ਚੋਪੜਾ ਢੱਪਈ, ਪ੍ਰਦੀਪ ਕੁਮਾਰ ਵਡਾਲਾ ਕਲਾਂ ਨੇ ਸਹਿਯੋਗ ਦਿੱਤਾ |