ਕਪੂਰਥਲਾ, 6 ਨਵੰਬਰ (ਸਡਾਨਾ)-ਵਪਾਰ ਮੰਡਲ ਦੇ ਇਕ ਵਫ਼ਦ ਵਲੋਂ ਨਵਨਿਯੁਕਤ ਡੀ.ਐਸ.ਪੀ. ਸਬ ਡਵੀਜ਼ਨ ਸ਼ੀਤਲ ਸਿੰਘ ਨਾਲ ਮੁਲਾਕਾਤ ਕੀਤੀ ਗਈ ਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵਪਾਰੀਆਂ ਨੂੰ ਆ ਰਹੀਆਂ ਸਮੱਸਿਆਵਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ | ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਯਸ਼ ਮਹਾਜਨ, ਚੇਅਰਮੈਨ ਚੇਤਨ ਸੂਰੀ, ਸ਼ਹਿਰੀ ਪ੍ਰਧਾਨ ਵਿਕਰਮ ਅਰੋੜਾ ਤੇ ਹੋਰ ਅਹੁਦੇਦਾਰਾਂ ਨੇ ਡੀ.ਐਸ.ਪੀ. ਸ਼ੀਤਲ ਸਿੰਘ ਨੂੰ ਦੱਸਿਆ ਕਿ ਰਾਤ ਦੇ ਸਮੇਂ ਮਾਲ ਰੋਡ 'ਤੇ ਕੁਝ ਹੁੱਲੜਬਾਜ਼ ਨੌਜਵਾਨ ਮੋਟਰਸਾਈਕਲਾਂ 'ਤੇ ਪਟਾਕੇ ਵਜਾਉਂਦੇ ਹਨ ਤੇ ਰਾਹਗੀਰਾਂ ਨੂੰ ਪ੍ਰੇਸ਼ਾਨ ਕਰਦੇ ਹਨ | ਉਨ੍ਹਾਂ ਮੰਗ ਕੀਤੀ ਕਿ ਜਲੋਖਾਨਾ ਤੋਂ ਮਾਲ ਰੋਡ 'ਤੇ ਰਾਤ ਦੇ ਸਮੇਂ ਪੀ.ਸੀ.ਆਰ. ਦੀ ਗਸ਼ਤ ਵਧਾਈ ਜਾਵੇ ਤੇ ਸ਼ਹਿਰ ਵਿਚ ਵਾਪਰ ਰਹੀਆਂ ਲੁੱਟ-ਖੋਹ ਤੇ ਚੋਰੀ ਦੀਆਂ ਘਟਨਾਵਾਂ ਨੂੰ ਵੀ ਰੋਕਣ ਲਈ ਪੁਲਿਸ ਗਸ਼ਤ ਵਿਚ ਵਾਧਾ ਕੀਤਾ ਜਾਵੇ | ਡੀ.ਐਸ.ਪੀ. ਸ਼ੀਤਲ ਸਿੰਘ ਨੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਮੰਗਾਂ ਸਬੰਧੀ ਪੀ.ਸੀ.ਆਰ. ਤੇ ਥਾਣੇ ਦੇ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ ਤੇ ਕਿਸੇ ਵੀ ਮਾੜੇ ਅਨਸਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਪ੍ਰਸ਼ੋਤਮ ਪਾਸੀ, ਧਰਮਪਾਲ ਗਰੋਵਰ, ਅਨਿਲ ਸੱਗਰ, ਜਗਜੀਤ ਸ਼ਰਮਾ, ਨਰੇਸ਼ ਕਾਲੀਆ, ਕਰਨ ਮਹਾਜਨ, ਗਰੀਸ਼ ਭਸੀਨ, ਸਤੀਸ਼ ਮਹਾਜਨ, ਧਰਮਵੀਰ ਮਲਹੋਤਰਾ, ਇੰਦਰਪਾਲ ਸਿੰਘ ਭਾਟੀਆ, ਅਸ਼ੀਸ਼ ਗੁਰੇਜਾ ਤੇ ਹੋਰ ਹਾਜ਼ਰ ਸਨ | ਇਸ ਮੌਕੇ ਵਪਾਰ ਮੰਡਲ ਵਲੋਂ ਡੀ.ਐਸ.ਪੀ. ਸ਼ੀਤਲ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ |