04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ 'ਤੇ ਚੱਲੀਆਂ ਤਾਬੜਤੋੜ ਗੋਲੀਆਂ, ਵਾਲ ਵਾਲ ਬਚੇ

ਅਜੀਤ ਡੈਸਕ 03-11-2025
ਡਡਵਿੰਡੀ, 2 ਨਵੰਬਰ (ਦਿਲਬਾਗ ਸਿੰਘ ਝੰਡ)- ਬੀਤੀ ਰਾਤ ਨੇੜਲੇ ਪਿੰਡ ਸ਼ਾਹਜਹਾਨਪੁਰ ਵਿਖੇ ਕੁੱਝ ਅਣਪਛਾਤੇ ਨਕਾਬਪੋਸ਼ ਹਥਿਆਰਬੰਦ ਵਿਅਕਤੀਆਂ ਵਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਹਰਜਿੰਦਰ ਸਿੰਘ ਜਿੰਦਾ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਉਹ ਵਾਲ ਵਾਲ ਬਚ ਗਏ ਹਨ | ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਹਰਜਿੰਦਰ ਸਿੰਘ ਜਿੰਦਾ ਪੁੱਤਰ ਮੱਸਾ ਸਿੰਘ ਨੇ ਦੱਸਿਆ ਕਿ ਉਹ ਸ਼ਨੀਵਾਰ ਰਾਤ ਕਰੀਬ 8: 38 'ਤੇ ਰੋਟੀ ਖਾਣ ਤੋਂ ਬਾਅਦ ਸੈਰ ਕਰਨ ਲਈ ਘਰ ਦੇ ਬਾਹਰ ਹੀ ਗਲੀ 'ਚ ਘੁੰਮ ਰਹੇ ਸਨ, ਤਾਂ ਦੋ ਨਕਾਬਪੋਸ਼ ਅਣਪਛਾਤੇ ਵਿਅਕਤੀ ਇੱਕ ਬਿਨਾਂ ਨੰਬਰੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਅਤੇ ਆਉਂਦੇ ਸਾਰ ਹੀ ਉਨ੍ਹਾਂ ਮੇਰੇ 'ਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਉਨ੍ਹਾਂ ਭੱਜ ਕੇ ਜਾਨ ਬਚਾਈ ਹੈ | ਉਨ੍ਹਾਂ ਦੱਸਿਆ ਕਿ ਮੌਕੇ ਤੋਂ ਪੁਲਿਸ ਨੂੰ 6 ਖ਼ਾਲੀ ਰੌਂਦ ਵੀ ਬਰਾਮਦ ਹੋਏ ਹਨ | ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਦੀ ਸੀਸੀਟੀਵੀ ਕੈਮਰੇ 'ਚ ਵੀਡੀਓ ਵੀ ਕੈਦ ਹੋਈ ਹੈ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਜਾਵੇ | ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਏਸੀਪੀ ਧੀਰੇਂਦਰ ਵਰਮਾ, ਥਾਣਾ ਸੁਲਤਾਨਪੁਰ ਲੋਧੀ ਦੀ ਐਸ ਐਚ ਓ ਇੰਸਪੈਕਟਰ ਸੋਨਮਦੀਪ ਕੌਰ ਅਤੇ ਚੌਂਕੀ ਇੰਚਾਰਜ ਮਲਕੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਦਿੰਦੇ ਹੋਏ ਪੁਲਿਸ ਚੌਂਕੀ ਡੱਲਾ ਸਾਹਿਬ ਦੇ ਇੰਚਾਰਜ ਸਬ ਇੰਸਪੈਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮੌਕੇ ਤੋਂ 6 ਖਾਲੀ ਰੋਂਦ ਬਰਾਮਦ ਹੋਏ ਹਨ | ਉਨ੍ਹਾਂ ਕਿਹਾ ਕਿ ਜਲਦ ਹੀ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ |
ਫੇਸਬੁੱਕ 'ਤੇ ਪੋਸਟ ਪਾ ਕੇ ਗੈਂਗਸਟਰ ਜੱਗਾ ਫੁੱਕੀਵਾਲ ਨੇ ਲਈ ਹਮਲੇ ਦੀ ਜ਼ਿੰਮੇਵਾਰੀ
ਬੀਤੀ ਰਾਤ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਪਿੰਡ ਸ਼ਾਹਜਹਾਨਪੁਰ ਵਿਖੇ ਵਾਪਰੀ ਗੋਲੀਬਾਰੀ ਘਟਨਾ ਦੀ ਪੋਸਟ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ | ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਪੋਸਟ ਵਿਚ ਨਿੱਜੀ ਰੰਜਿਸ਼ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ |
ਫੇਸਬੁੱਕ 'ਤੇ ਪਾਏ ਗਏ ਸਟੇਟਸ ਵਿਚ ਉਸ ਨੇ ਲਿਖਿਆ ਕਿ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਦੀ ਫ਼ਤਿਹ ਅੱਜ ਜੋ ਸੁਲਤਾਨਪੁਰ ਲੋਧੀ ਵਿਚ (ਕਾਂਗਰਸ ਦੇ ਚੇਅਰਮੈਨ ਹਰਜਿੰਦਰ ਸਿੰਘ) ਦਾ ਨੁਕਸਾਨ ਹੋਇਆ, ਉਸ ਦੀ ਜ਼ਿੰਮੇਵਾਰੀ ਜੱਗਾ ਫੁੱਕੀਵੱਲ ਚੁੱਕਦਾ ਹੈ | ਇਸ ਨਾਲ ਸਾਡੀ ਪੁਰਾਣੀ ਦੁਸ਼ਮਣੀ ਹੈ, ਏ ਕੰਮ ਅਸੀਂ ਕਿਸੇ ਫਿਰੌਤੀ ਦੇ ਚੱਕਰ ਵਿਚ ਨਹੀਂ ਕੀਤਾ | ਅਸੀਂ ਇਸ ਨੂੰ ਇਸ ਦੀ ਨਵੀਂ ਜੰਮੀ ਧੀ ਕਰਕੇ ਬਖ਼ਸ਼ ਦਿੱਤਾ, ਜੇ ਅਸੀਂ ਇਸ ਦੇ ਘਰ ਜਾ ਸਕਦੇ ਹਾਂ ਤੇ ਅਸੀਂ ਇਸ ਨੂੰ ਮਾਰ ਵੀ ਸਕਦੇ ਸੀ | ਬਾਕੀ ਏਹਦੇ ਸੱਜੇ ਖੱਬੇ ਵਾਲੇ ਧਿਆਨ ਰੱਖਣ |'
ਪਿਛਲੀ ਖ਼ਬਰ ਕੰਪਿਊਟਰ ਅਜੋਕੇ ਯੁੱਗ ਦਾ ਸਭ ਤੋਂ ਸ਼ਕਤੀਸ਼ਾਲੀ ਸਾਧਨ-ਪ੍ਰੋ. ਅਮਨਪ੍ਰੀਤ ਕੌਰ ਅਗਲੀ ਖ਼ਬਰ ਵਿੱਤ ਮੰਤਰੀ ਤੇ ਮਾਸਟਰ ਕੇਡਰ ਯੂਨੀਅਨ ਦਰਮਿਆਨ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।