ਫਗਵਾੜਾ, 17 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ ਪੰਡਵਾ ਵਿਖੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਧੰਨ-ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਸ਼ਰਧਾ ਪੂਰਵਕ ਕਰਵਾਏ ਗਏ | ਇਸ ਮੌਕੇ ਤੇ ਪਿਛਲੇ ਤਿੰਨ ਰੋਜ਼ਾ ਤੋ ਆਰੰਭ ਕੀਤੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਖੁੱਲੇ੍ਹ ਪੰਡਾਲਾਂ ਵਿਖੇ ਸਜੇ ਦੀਵਾਨਾ ਵਿਚ ਅਸਥਾਨ ਦੇ ਮੁੱਖ ਸੰਚਾਲਕ ਸੰਤ ਗੁਰਚਰਨ ਸਿੰਘ ਪੰਡਵਾ ਵਾਲਿਆਂ ਨੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਤੇ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰਹਿੰਦਾ ਹੈ | ਉਨ੍ਹਾਂ ਨੇ ਦੱਸਿਆ ਕਿ ਇਸ ਅਸਥਾਨ ਤੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਗੁਰੂ ਵਾਲੇ ਬਣਾਇਆ ਗਿਆ | ਸਮਾਗਮ ਦੌਰਾਨ ਭਾਈ ਗੁਰਪ੍ਰੀਤ ਸਿੰਘ ਸਮਰਾਵਾਂ ਵਾਲੇ, ਗਿਆਨੀ ਸੁਖਜੀਤ ਸਿੰਘ ਪਿੰਡ ਘੁੜਕਾ ਵਾਲੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਥਿਆਂ ਨੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ | ਅੰਤ ਵਿਚ ਸੰਤ ਗੁਰਚਰਨ ਸਿੰਘ ਪੰਡਵਾ ਵਾਲਿਆਂ ਵੱਲੋਂ ਪੁੱਜੇ ਹੋਏ ਸਭਨਾਂ ਦਾ ਧੰਨਵਾਦ ਕੀਤਾ ਗਿਆ ਤੇ ਸਹਿਯੋਗੀਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਸਟੇਜ ਸਕੱਤਰ ਦੀ ਸੇਵਾ ਬਾਬਾ ਗੁਰਲਾਲ ਸਿੰਘ ਨੇ ਅਦਾ ਕੀਤੀ | ਇਸ ਮੌਕੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |