ਕਪੂਰਥਲਾ, 17 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਕਪੂਰਥਲਾ ਦੇ ਰੈੱਡ ਰੀਬਨ ਕਲੱਬ ਤੇ ਐੱਨ.ਐੱਸ. ਯੂਨਿਟ ਵਲੋਂ ਲੋਕਾਂ ਨੂੰ ਐਚ.ਆਈ.ਵੀ. ਏਡਜ਼ ਬਾਰੇ ਜਾਗਰੂਕ ਕਰਨ ਦੇ ਮਨੋਰਥ ਨਾਲ ਪਿੰਡ ਢੁੱਡੀਆਂਵਾਲ ਤੋਂ ਇਕ ਰੈਲੀ ਕੱਢੀ ਗਈ | ਜਿਸਨੂੰ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ, ਡਾਇਰੈਕਟਰ ਰੁਚੀ ਆਨੰਦ ਤੇ ਪਿ੍ੰਸੀਪਲ ਡਾ. ਅਮਰਪ੍ਰੀਤ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਰੈਲੀ ਵਿਚ ਕਾਲਜ ਦੇ ਸਟਾਫ਼ ਮੈਂਬਰ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਹ ਰੈਲੀ ਢੁੱਡੀਆਂਵਾਲ ਦੇ ਵੱਖ-ਵੱਖ ਖੇਤਰਾਂ ਵਿਚੋਂ ਗੁਜ਼ਰਦੀ ਹੋਈ ਮੁੜ ਆਰੰਭਿਕ ਸਥਾਨ 'ਤੇ ਪਹੁੰਚ ਕੇ ਸਮਾਪਤ ਹੋਈ | ਰੈਲੀ ਵਿਚ ਸ਼ਾਮਲ ਵਿਦਿਆਰਥੀਆਂ ਦੇ ਹੱਥਾਂ ਵਿਚ ਏਡਜ਼ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਤਖ਼ਤੀਆਂ ਫੜੀਆਂ ਹੋਈਆਂ ਸਨ | ਇਸ ਮੌਕੇ ਵਿਕਰਮ ਆਨੰਦ ਤੇ ਡਾ. ਅਮਰਪ੍ਰੀਤ ਸਿੰਘ ਨੇ ਕਿਹਾ ਕਿ ਸਮਾਜ ਵਿਚ ਇਸ ਗੰਭੀਰ ਬਿਮਾਰੀ ਜਾਗਰੂਕਤਾ ਪੈਦਾ ਕਰਨੀ ਸਮੇਂ ਦੀ ਲੋੜ ਹੈ | ਉਨ੍ਹਾਂ ਪਿੰਡ ਵਾਲਿਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਇਸ ਬਿਮਾਰੀ ਤੋਂ ਪ੍ਰਭਾਵਿਤ ਹੋਵੇ ਤਾਂ ਉਸ ਨਾਲ ਹਮਦਰਦੀ ਨਾਲ ਪੇਸ਼ ਆਇਆ ਜਾਵੇ | ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪਿੰਡ ਢੁੱਡੀਆਂਵਾਲ ਦੀ ਸਰਪੰਚ ਸ੍ਰੀਮਤੀ ਹਿਨਾ, ਕਾਲਜ ਦੇ ਐਨ.ਐੱਸ.ਐੱਸ. ਵਿੰਗ ਦੇ ਮੁਖੀ ਰਣਜੀਤ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਪਿੰਡ ਦੀ ਸਰਪੰਚ ਤੇ ਹੋਰ ਪੰਚਾਇਤ ਮੈਂਬਰਾਂ ਨੇ ਕਾਲਜ ਦੀ ਪ੍ਰਬੰਧਕ ਕਮੇਟੀ ਵਲੋਂ ਇਹ ਰੈਲੀ ਕੱਢਣ ਦੇ ਉਪਰਾਲੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ |