ਕਪੂਰਥਲਾ, 17 ਅਕਤੂਬਰ (ਅਮਰਜੀਤ ਕੋਮਲ)-ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦੇ 29ਵੇਂ ਸਥਾਪਨਾ ਦਿਵਸ 'ਤੇ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ ਸਾਇੰਸ ਸਿਟੀ ਦੇ ਸਟਾਫ਼ ਮੈਂਬਰਾਂ ਸਮੇਤ 100 ਤੋਂ ਵੱਧ ਨੌਜਵਾਨਾਂ ਨੇ ਖ਼ੂਨਦਾਨ ਕਰਕੇ ਸਮਾਜ ਭਲਾਈ ਦੇ ਇਸ ਕਾਰਜ ਵਿਚ ਆਪਣਾ ਯੋਗਦਾਨ ਪਾਇਆ | ਕੈਂਪ ਦੇ ਉਦਘਾਟਨ ਤੋਂ ਬਾਅਦ ਡਾਇਰੈਕਟਰ ਰਜੇਸ਼ ਗਰੋਵਰ ਸਾਇੰਸ ਸਿਟੀ ਨੇ ਕਿਹਾ ਕਿ ਖ਼ੂਨਦਾਨ ਇਕ ਮਹਾਦਾਨ ਹੈ | ਅਜਿਹੇ ਕੈਂਪਾਂ ਦੌਰਾਨ ਦਾਨ ਕੀਤਾ ਗਿਆ ਖ਼ੂਨ ਹਰ ਸਾਲ ਲੱਖਾਂ ਜਾਨਾਂ ਬਚਾਉਂਦਾ ਹੈ | ਉਨ੍ਹਾਂ ਖ਼ੂਨ ਦਾਨ ਕਰਨ ਵਾਲੀਆਂ ਦਾਨੀਆਂ ਨੂੰ ਅਪੀਲ ਕੀਤੀ ਕਿ ਉਹ ਸਾਲ ਵਿਚ ਘੱਟੋ ਘੱਟ ਇਕ ਵਾਰ ਜ਼ਰੂਰ ਖ਼ੂਨਦਾਨ ਕਰਨ ਤਾਂ ਜੋ ਅਚਾਨਕ ਹੋਣ ਵਾਲੇ ਹਾਦਸਿਆਂ ਦੌਰਾਨ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਜਾਨ ਬਚਾਈ ਜਾ ਸਕੇ | ਇਸ ਮੌਕੇ ਸਾਇੰਸ ਸਿਟੀ ਦੇ ਵਿਗਿਆਨੀ ਡਾ. ਮੁਨੀਸ਼ ਸੋਇਨ ਨੇ ਕਿਹਾ ਕਿ ਖ਼ੂਨਦਾਨ ਨਾਲ ਕੇਵਲ ਬਲੱਡ ਪ੍ਰੈਸ਼ਰ ਤੇ ਕੈਸਟਰੋਲ ਨੂੰ ਹੀ ਕਾਬੂ ਵਿਚ ਨਹੀਂ ਰੱਖਿਆ ਜਾ ਸਕਦਾ ਹੈ, ਸਗੋਂ ਲਗਾਤਾਰ ਖ਼ੂਨਦਾਨ ਕਰਨ ਨਾਲ ਸਰੀਰ ਵੀ ਤੰਦਰੁਸਤ ਰਹਿੰਦਾ ਹੈ | ਉਨ੍ਹਾਂ ਦਾਨੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਤੁਹਾਡੇ ਵਲੋਂ ਕੀਤੀ ਗਈ ਛੋਟੀ ਜਿਹੀ ਪਹਿਲਕਦਮੀ ਸਮਾਜ ਵਿਚ ਮਹੱਤਵਪੂਰਨ ਯੋਗਦਾਨ ਪਾ ਸਕਦੀ ਹੈ | ਕੈਂਪ ਨੂੰ ਸਫ਼ਲ ਬਣਾਉਣ ਵਿਚ ਸਿਵਲ ਹਸਪਤਾਲ ਕਪੂਰਥਲਾ ਦੀ ਟੀਮ ਨੇ ਸਹਿਯੋਗ ਦਿੱਤਾ | ਇਸ ਮੌਕੇ ਡਾ. ਰਜੇਸ਼ ਗਰੋਵਰ ਨੇ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ |