ਕਪੂਰਥਲਾ, 17 ਅਕਤੂਬਰ (ਅਮਰਜੀਤ ਸਿੰਘ ਸਡਾਨਾ)-ਬੀਤੇ ਮਹੀਨੇ ਥਾਣਾ ਸਦਰ ਅਧੀਨ ਆਉਂਦੇ ਪਿੰਡ ਔਜਲਾ ਨੇੜਿਓਾ ਮਿਲੀ ਇਕ ਨੌਜਵਾਨ ਦੀ ਲਾਸ਼ ਦੇ ਮਾਮਲੇ ਨੂੰ ਹੱਲ ਕਰਦੇ ਹੋਏ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਇਸ ਕਤਲ ਦੇ ਮਾਮਲੇ ਵਿਚ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐੱਸ.ਪੀ. ਡੀ. ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਬੀਤੀ 10 ਸਤੰਬਰ ਨੂੰ ਮਿ੍ਤਕ ਮਾਮ ਹੁਸੈਨ ਵਾਸੀ ਮੁਕੇਰੀਆਂ ਹਾਲ ਵਾਸੀ ਪਿੰਡ ਚਿੱਟੀ ਜ਼ਿਲ੍ਹਾ ਜਲੰਧਰ ਦੀ ਲਾਸ਼ ਔਜਲਾ ਪਿੰਡ ਨੇੜੇ ਮਿਲੀ, ਜਿਸ ਉਪਰੰਤ ਉਸਦੇ ਭਰਾ ਸੈਫ ਅਲੀ ਦੇ ਬਿਆਨਾਂ ਤਹਿਤ ਕੇਸ ਦਰਜ ਕਰਕੇ ਇਸ ਅੰਨੇ੍ਹ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੂਰਾ ਦੇ ਨਿਰਦੇਸ਼ਾਂ ਤਹਿਤ ਵਿਸ਼ੇਸ਼ ਟੀਮਾਂ ਬਣਾਕੇ ਮਾਮਲੇ ਦੀ ਜਾਂਚ ਆਰੰਭ ਕੀਤੀ ਗਈ | ਐੱਸ.ਪੀ. ਵਿਰਕ ਨੇ ਦੱਸਿਆ ਕਿ ਡੀ.ਐੱਸ.ਪੀ.ਡੀ. ਪਰਮਿੰਦਰ ਸਿੰਘ, ਡੀ.ਐੱਸ.ਪੀ. ਸਬ ਡਵੀਜ਼ਨ ਸ਼ੀਤਲ ਸਿੰਘ ਤੇ ਥਾਣਾ ਸਦਰ ਇੰਚਾਰਜ ਪ੍ਰਭਜੋਤ ਕੌਰ ਨੇ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕੀਤੀ ਤੇ ਇਸ ਮਾਮਲੇ ਵਿਚ ਕਥਿਤ ਦੋਸ਼ੀ ਰਣਦੀਪ ਸਿੰਘ ਉਰਫ਼ ਰੰਮਾ ਵਾਸੀ ਦਬੁਰਜੀ, ਯਕੂਬ ਅਲੀ ਵਾਸੀ ਪਿੰਡ ਫੂਲੇਵਾਲ ਤੇ ਸੈਫ ਅਲੀ ਵਾਸੀ ਚਿੱਟੀ ਜ਼ਿਲ੍ਹਾ ਜਲੰਧਰ ਨੂੰ ਗਿ੍ਫ਼ਤਾਰ ਕੀਤਾ ਗਿਆ | ਮਾਮਲੇ ਦਾ ਖ਼ੁਲਾਸਾ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਿ੍ਤਕ ਮਾਮ ਹੁਸੈਨ ਦੇ ਨਾਲ ਉਸਦਾ ਦੋਸਤ ਬੱਚੂ ਕਿਤੇ ਘੁੰਮਣ ਗਏ ਸਨ ਜਿੱਥੇ ਬੱਚੂ ਦੀ ਰੇਲ ਹਾਦਸੇ ਵਿਚ ਮੌਤ ਹੋ ਗਈ ਤੇ ਉਸਦਾ ਪਰਿਵਾਰ ਮਾਮ ਹੁਸੈਨ ਨੂੰ ਇਸ ਘਟਨਾ ਦਾ ਦੋਸ਼ੀ ਮੰਨਣ ਲੱਗ ਪਿਆ | ਗੁੱਜਰ ਭਾਈਚਾਰੇ ਦੀ ਪੰਚਾਇਤ ਵਿਚ ਬੱਚੂ ਦੇ ਪਰਿਵਾਰ ਨੂੰ ਉਸਦੀ ਮੌਤ ਦੇ ਹਰਜਾਨੇ ਵਜੋਂ 50 ਲੱਖ ਰੁਪਏ ਦੇਣ ਦੀ ਗੱਲ ਤੈਅ ਹੋਈ ਜੋ ਕਿ ਮਾਮ ਹੁਸੈਨ ਦੇ ਭਰਾ ਸੈਫ ਅਲੀ ਨੇ ਇਕੱਠੇ ਕਰਕੇ ਅਦਾ ਕੀਤੇ | ਪਰ ਕੁੱਝ ਸਮੇਂ ਬਾਅਦ ਉਸਨੂੰ ਇਹ ਦਿੱਤੇ ਹੋਏ ਪੈਸੇ ਰੜਕਣ ਲੱਗ ਪਏ ਤੇ ਉਸਨੇ ਬੱਚੂ ਦੇ ਪਰਿਵਾਰਕ ਮੈਂਬਰਾਂ ਤੋਂ ਪੈਸੇ ਵਾਪਸ ਲੈਣ ਲਈ ਕਥਿਤ ਤੌਰ 'ਤੇ ਆਪਣੇ ਰਿਸ਼ਤੇਦਾਰ ਯਕੂਬ ਅਲੀ ਨਾਲ ਮਿਲ ਕੇ ਆਪਣੇ ਹੀ ਭਰਾ ਮਾਮ ਹੁਸੈਨ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚੀ ਤਾਂ ਜੋ ਬੱਚੂ ਦੇ ਪਰਿਵਾਰਕ ਮੈਂਬਰਾਂ ਉੱਪਰ ਇਸਦਾ ਦੋਸ਼ ਲਗਾਕੇ ਉਨ੍ਹਾਂ ਪਾਸੋਂ ਦਿੱਤੀ ਹੋਈ 50 ਲੱਖ ਰੁਪਏ ਤੋਂ ਵੀ ਵੱਧ ਦੀ ਰਕਮ ਵਾਪਸ ਲਈ ਜਾ ਸਕੇ ਤੇ ਇਸੇ ਤਹਿਤ ਸੈਫ ਅਲੀ ਨੇ ਯਕੂਬ ਨਾਲ ਮਿਲ ਕੇ ਸਾਰੀ ਗੱਲ ਕੀਤੀ ਤੇ ਯਕੂਬ ਅਲੀ ਨੇ ਇਸ ਕੰਮ ਲਈ ਰਣਦੀਪ ਸਿੰਘ ਉਰਫ਼ ਰੰਮਾ ਨੂੰ ਵੀ ਆਪਣੇ ਨਾਲ ਮਿਲਾ ਲਿਆ ਤੇ ਰਣਦੀਪ ਸਿੰਘ ਤੇ ਯਕੂਬ ਨੇ ਮਾਮ ਹੁਸੈਨ ਨੂੰ ਤਿਆਰ ਕੀਤੀ ਸਾਜ਼ਿਸ਼ ਤਹਿਤ ਔਜਲਾ ਪਿੰਡ ਨੇੜੇ ਬੁਲਾਇਆ ਤੇ ਉੱਥੇ ਕਥਿਤ ਤੌਰ 'ਤੇ ਉਸਦਾ ਕਤਲ ਕਰ ਦਿੱਤਾ ਤੇ ਇਸ ਮਾਮਲੇ ਵਿਚ ਮਿ੍ਤਕ ਦੇ ਭਰਾ ਸੈਫ ਅਲੀ ਨੇ ਹੀ ਬੱਚੂ ਦੇ ਪਰਿਵਾਰਕ ਮੈਂਬਰਾਂ ਵਿਰੁੱਧ ਬਿਆਨ ਦਿੱਤੇ ਤੇ ਉਨ੍ਹਾਂ 'ਤੇ ਕਤਲ ਦਾ ਕੇਸ ਦਰਜ ਕਰਵਾ ਦਿੱਤਾ | ਐੱਸ.ਪੀ. ਡੀ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਹੀ ਸੈਫ ਅਲੀ ਨੇ ਤਰਮੀਮੀ ਬਿਆਨਾਂ ਵਿਚ ਇਕ ਹੋਰ ਵਿਅਕਤੀ ਨੂੰ ਨਾਮਜ਼ਦ ਕਰਵਾਇਆ ਜਿਸਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਤੇ ਜਾਂਚ ਦੌਰਾਨ ਉਸਨੂੰ ਨਿਰਦੋਸ਼ ਪਾਏ ਜਾਣ 'ਤੇ ਅਦਾਲਤ ਵਿਚੋਂ ਉਸਨੂੰ ਡਿਸਚਾਰਜ ਕਰਵਾ ਦਿੱਤਾ ਗਿਆ ਹੈ, ਜਦਕਿ ਇਸ ਕਤਲ ਦੇ ਮਾਮਲੇ ਵਿਚ ਰਣਦੀਪ ਸਿੰਘ, ਯਕੂਬ ਅਲੀ ਤੇ ਸੈਫ ਅਲੀ ਨੂੰ ਨਾਮਜ਼ਦ ਕਰਕੇ ਗਿ੍ਫ਼ਤਾਰ ਕਰਨ ਉਪਰੰਤ ਇਨ੍ਹਾਂ ਦੇ ਕਬਜ਼ੇ ਵਿਚੋਂ ਵਾਰਦਾਤ ਸਮੇਂ ਵਰਤਿਆ ਗਿਆ ਦਾਤਰ ਵੀ ਬਰਾਮਦ ਕੀਤਾ ਗਿਆ ਹੈ | ਜਦਕਿ ਅਦਾਲਤ ਵਿਚ ਪੇਸ਼ ਕਰਨ 'ਤੇ ਮਾਨਯੋਗ ਅਦਾਲਤ ਨੇ ਇਨ੍ਹਾਂ ਤਿੰਨਾਂ ਕਥਿਤ ਦੋਸ਼ੀਆਂ ਨੂੰ ਤਿੰਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ | ਇਸ ਮੌਕੇ ਡੀ.ਐੱਸ.ਪੀ. ਡੀ. ਪਰਮਿੰਦਰ ਸਿੰਘ, ਡੀ.ਐੱਸ.ਪੀ. ਸ਼ੀਤਲ ਸਿੰਘ ਤੇ ਥਾਣਾ ਸਦਰ ਮੁਖੀ ਇੰਸਪੈਕਟਰ ਪ੍ਰਭਜੋਤ ਕੌਰ, ਏ.ਐੱਸ.ਆਈ. ਲਖਬੀਰ ਸਿੰਘ ਗੋਸਲ, ਏ.ਐੱਸ.ਆਈ. ਦਵਿੰਦਰਪਾਲ ਤੇ ਹੋਰ ਹਾਜ਼ਰ ਸਨ |