ਕਪੂਰਥਲਾ, 20 ਜੁਲਾਈ (ਵਿ.ਪ੍ਰ.)- ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਦੁਆਬਾ ਜ਼ੋਨ ਦੀ ਇਕ ਅਹਿਮ ਮੀਟਿੰਗ ਸੂਬਾਈ ਸਰਪ੍ਰਸਤ ਹਰਭਜਨ ਸਿੰਘ, ਸੂਬਾਈ ਜਨਰਲ ਸਕੱਤਰ ਹਰਮਿੰਦਰ ਸਿੰਘ, ਸੂਬਾਈ ਪ੍ਰੈੱਸ ਸਕੱਤਰ ਸੰਦੀਪ ਕੁਮਾਰ ਤੇ ਦੁਆਬਾ ਜ਼ੋਨ ਦੇ ਨੋਡਲ ਪ੍ਰਧਾਨ ਸੁਖਦੇਵ ਕਾਜਲ, ਸੂਬਾਈ ਸੀਨੀਅਰ ਮੀਤ ਪ੍ਰਧਾਨ ਹਰਬੰਸ ਲਾਲ ਤੇ ਜ਼ਿਲ੍ਹਾ ਪ੍ਰਧਾਨ ਨਰੇਸ਼ ਕੋਹਲੀ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਹਾਲ ਜਲੰਧਰ ਵਿਚ ਹੋਈ ਜਿਸ ਵਿਚ ਅਧਿਆਪਕਾਂ ਦੀਆਂ ਭਖਦੀਆਂ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਵਿਚ ਸਰਕਾਰ ਤੋਂ ਮੰਗ ਕੀਤੀ ਗਈ ਕਿ ਮਾਸਟਰ ਕੇਡਰ ਦੀ ਅਹਿਮ ਮੰਗ ਮਾਸਟਰ ਕੇਡਰ ਤੋਂ ਲੈਕਚਰਾਰ ਅਤੇ ਮੁੱਖ ਅਧਿਆਪਕ ਦੀ ਪਦਉਨਤੀ ਹਾਈਕੋਰਟ ਦੇ ਡਬਲ ਬੈਂਚ ਵਲੋਂ ਐਲ.ਪੀ.ਏ. 1843 ਸਬੰਧੀ ਲਏ ਫ਼ੈਸਲੇ ਨੂੰ ਲਾਗੂ ਕਰਦੇ ਹੋਏ ਓ.ਡੀ.ਐਲ. ਦੀਆਂ 2016 ਤੋਂ ਪੈਂਡਿੰਗ ਪਦਉਨਤੀਆਂ ਕਰਨ, ਸਮਾਂਬੱਧ ਪ੍ਰਮੋਸ਼ਨ ਦੇਣ, ਪੇਕਮਿਸ਼ਨ 2.59 ਦੇ ਗੁਣਾਂਕ ਨਾਲ ਦੇਣ, ਸਕੂਲ ਮੈਨੇਜਮੈਂਟ ਕਮੇਟੀਆਂ ਵਿਚ ਸਿਆਸੀ ਦਖ਼ਲ ਅੰਦਾਜੀ ਬੰਦ ਕਰਨ, ਪੇ-ਕਮਿਸ਼ਨ ਅਤੇ ਡੀ.ਏ. ਦੇ ਬਕਾਏ ਤੁਰੰਤ ਜਾਰੀ ਕਰਨ, ਏ.ਸੀ.ਪੀ. ਲਾਗੂ ਕਰਨ ਤੇ ਹੋਰ ਮੰਗਾਂ ਮੰਨਣ 'ਤੇ ਜ਼ੋਰ ਦਿੱਤਾ ਗਿਆ | ਮੀਟਿੰਗ ਵਿਚ ਅਧਿਆਪਕ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਇਨ੍ਹਾਂ ਮੰਗਾਂ ਨੂੰ ਅਮਲੀ ਰੂਪ ਨਾ ਦਿੱਤਾ ਗਿਆ ਤਾਂ ਉਹ ਸੰਘਰਸ਼ ਛੇੜਨ ਲਈ ਮਜਬੂਰ ਹੋਣਗੇ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੀ ਹੋਵੇਗੀ | ਮੀਟਿੰਗ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਮਨਜਿੰਦਰਪਾਲ ਸਿੰਘ, ਤਰਮਿੰਦਰ ਮੱਲੀ, ਹਰਨੇਕ ਸਿੰਘ ਸੰਧਰ, ਜਸਵੰਤ ਸਿੰਘ, ਕੁਲਦੀਪ ਸਿੰਘ ਮੈਰੀਪੁਰ, ਵਿਨੇ ਕੁਮਾਰ, ਕੁਲਦੀਪ ਸਿੰਘ, ਗੁਰਮੁਖ ਸਿੰਘ, ਨਰਿੰਦਰ ਸਿੰਘ ਭਾਰਟਾ ਆਦਿ ਹਾਜ਼ਰ ਸਨ |