ਪਟਿਆਲਾ, 20 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਨੂੰ ਵਾਰ-ਵਾਰ ਬੰਬ ਨਾਲ ਉਡਾਉਣ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਪ੍ਰਤੀ ਕੇਂਦਰ ਤੇ ਪੰਜਾਬ ਸਰਕਾਰ ਗੰਭੀਰ ਨਹੀਂ | ਉਨ੍ਹਾਂ ਆਖਿਆ ਕਿ ਸਰਬ-ਸਾਂਝੀ ਵਾਲਤਾ ਅਤੇ ਸਮੁੱਚੀ ਮਾਨਵਤਾ ਦਾ ਉਪਦੇਸ਼ ਦੇਣ ਵਾਲੇ ਸਿੱਖਾਂ ਦੇ ਪਵਿੱਤਰ ਅਸਥਾਨ ਨੂੰ ਸ਼ਰਾਰਤੀ ਅਨਸਰਾਂ ਵਲੋਂ ਈ-ਮੇਲਾਂ ਦੇ ਜਰੀਏ ਵਾਰ-ਵਾਰ ਨਿਸ਼ਾਨਾ ਬਣਾਉਣ ਨੂੰ ਸਿੱਖ ਕੌਮ ਹੋਰ ਬਰਦਾਸ਼ਤ ਨਹੀਂ ਕਰੇਗੀ | ਉਨ੍ਹਾਂ ਆਖਿਆ ਕਿ ਬਿਨਾਂ ਕਿਸੇ ਡਰ ਭੈਅ ਤੋਂ ਸ਼ਰਾਰਤੀ ਲੋਕਾਂ ਵਲੋਂ ਬੰਬ ਨਾਲ ਉਡਾਉਣ ਦੇ ਦਿੱਤੇ ਜਾ ਰਹੇ ਸੁਨੇਹਿਆਂ ਪ੍ਰਤੀ ਭਾਰਤ ਅਤੇ ਪੰਜਾਬ ਸਰਕਾਰ ਤੁਰੰਤ ਸਖ਼ਤ ਕਾਰਵਾਈ ਕਰੇ | ਉਨ੍ਹਾਂ ਆਖਿਆ ਕਿ ਦੋਵੇਂ ਸਰਕਾਰ ਦੀ ਇਸ ਮਸਲੇ ਪ੍ਰਤੀ ਭੂਮਿਕਾ ਸੰਜੀਦਗੀ ਵਾਲੀ ਨਹੀਂ, ਜਿਸ ਕਰਕੇ ਸਮੁੱਚੀ ਸਿੱਖ ਸੰਗਤ ਵਿਚ ਰੋਹ ਦੀ ਭਾਵਨਾ ਹੈ | ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਜੇਕਰ ਸਚਮੁੱਚ ਦੋਵੇਂ ਸਰਕਾਰਾਂ ਗੰਭੀਰ ਹੁੰਦੀਆਂ ਤਾਂ ਇਨ੍ਹਾਂ ਲੋਕਾਂ ਵਲੋਂ ਵਾਰ-ਵਾਰ ਅਜਿਹੀਆਂ ਹਰਕਤਾਂ ਕਰਨ ਦੀ ਹਿੰਮਤ ਹੀ ਨਾ ਪੈਂਦੀ | ਉਨ੍ਹਾਂ ਆਖਿਆ ਕਿ ਜਿਨ੍ਹਾਂ ਲੋਕਾਂ ਵਲੋਂ ਧਮਕੀਆਂ ਦਿੱਤੀਆਂ ਜਾਂ ਦਵਾਈਆਂ ਜਾ ਰਹੀਆਂ ਹਨ, ਉਨ੍ਹਾਂ ਲੋਕਾਂ ਨੂੰ ਤੁਰੰਤ ਕਾਬੂ ਕਰਕੇ ਕਟਹਿਰੇ 'ਚ ਖੜ੍ਹਾ ਕਰ ਸਖ਼ਤ ਸਜਾਵਾਂ ਦਿੱਤੀਆਂ ਜਾਣ | ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਦੇਸ਼ ਦੀਆਂ ਉੱਚ ਪੱਧਰੀ ਏਜੰਸੀਆਂ ਤੋਂ ਕਰਵਾ ਕੇ ਸ਼ਰਾਰਤੀ ਅਨਸਰਾਂ ਨੂੰ ਤੁਰੰਤ ਨੱਥ ਪਾਈ ਜਾਵੇ |