ਨਡਾਲਾ, 20 ਜੁਲਾਈ (ਰਘਬਿੰਦਰ ਸਿੰਘ)- ਪਿਛਲੇ 5 ਦਿਨ ਤੋਂ ਪਿੰਡ ਲੱਖਣ ਕੇ ਪੱਡਾ, ਬਾਦਲਪੁਰ ਤੇ ਪ੍ਰੇਮ ਨਗਰ ਪਿੰਡਾਂ ਦੇ ਲੋਕ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰ ਰਹੇ ਹਨ | ਇਨ੍ਹਾਂ ਤਿੰਨ ਪਿੰਡਾਂ ਨੂੰ ਪਾਣੀ ਸਪਲਾਈ ਕਰਨ ਵਾਲੀ ਮੋਟਰ ਖ਼ਰਾਬ ਹੋਣ ਕਾਰਨ ਟੈਂਕੀ ਵਿਚ ਪਾਣੀ ਆਉਣਾ ਬੰਦ ਹੋ ਗਿਆ ਹੈ ਤੇ ਸਖ਼ਤ ਗਰਮੀ ਵਿਚ ਲੋਕ ਬੂੰਦ-ਬੂੰਦ ਨੂੰ ਮੁਹਤਾਜ ਹੋ ਗਏ ਹਨ ਤੇ ਪਸ਼ੂ ਵੀ ਪਿਆਸੇ ਪਏ ਹਨ | ਜਾਣਕਾਰੀ ਅਨੁਸਾਰ ਇਨ੍ਹਾਂ ਪਿੰਡਾਂ ਦੀ ਵੱਡੀ ਆਬਾਦੀ ਸਰਕਾਰੀ ਜਲ ਸਪਲਾਈ ਸਕੀਮ 'ਤੇ ਨਿਰਭਰ ਹੈ | ਮੋਟਰ ਖ਼ਰਾਬ ਹੋਣ ਨਾਲ ਨਾ ਸਿਰਫ਼ ਲੋਕਾਂ ਦੀ ਰੋਜ਼ਮਰ੍ਹਾ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ, ਸਗੋਂ ਪਸ਼ੂ ਪੰਛੀਆਂ ਦੀ ਹਾਲਤ ਵੀ ਵਿਗੜ ਰਹੀ ਹੈ | ਇਸ ਸੰਬੰਧੀ ਗ੍ਰਾਮ ਪੰਚਾਇਤ ਮੈਂਬਰ ਜਸਵੰਤ ਸਿੰਘ ਵਿਰਲੀ ਨੇ ਜਲ ਸਪਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਗੰਭੀਰਤਾ ਨਾਲ ਲੈ ਕੇ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ | ਉਨ੍ਹਾਂ ਦੱਸਿਆ ਕਿ ਇਹ ਮੋਟਰ ਵਾਰ-ਵਾਰ ਖ਼ਰਾਬ ਹੋ ਰਹੀ ਹੈ ਜਿਸ ਕਰਕੇ ਪਾਣੀ ਦੀ ਸਪਲਾਈ ਵਿਚ ਅਕਸਰ ਵਿਘਨ ਆਉਂਦਾ ਰਹਿੰਦਾ ਹੈ | ਉਨ੍ਹਾਂ ਦੱਸਿਆ ਕਿ ਜਦੋਂ ਜਲ ਸਪਲਾਈ ਵਿਭਾਗ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਵਲੋਂ ਦਾਅਵਾ ਕੀਤਾ ਗਿਆ ਕਿ ਮੋਟਰ ਨੂੰ ਅੱਜ ਠੀਕ ਕਰਕੇ ਪਾਣੀ ਦੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ ਪਰ ਅਜਿਹਾ ਨਹੀਂ ਹੋਇਆ | ਜ਼ਿਕਰਯੋਗ ਹੈ ਕਿ ਲਗਭਗ ਡੇਢ ਮਹੀਨੇ ਪਹਿਲਾਂ ਵੀ ਇਹ ਮੋਟਰ ਸੜ ਗਈ ਸੀ, ਜਿਸ ਕਰਕੇ ਤਿੰਨ ਦਿਨਾਂ ਤੱਕ ਪਾਣੀ ਦੀ ਸਪਲਾਈ ਬੰਦ ਰਹੀ ਸੀ | ਇਸ ਮੌਕੇ ਪ੍ਰਤਾਪ, ਬਿੱਲਾ, ਸੁਭਾਨੀ, ਨੀਟਾ, ਅਸ਼ੋਕ, ਜਸਵੰਤ ਵਿਰਲੀ ਤੇ ਹੋਰ ਹਾਜ਼ਰ ਸਨ |