ਕਪੂਰਥਲਾ, 17 ਜੁਲਾਈ (ਅਮਰਜੀਤ ਕੋਮਲ)- ਕਪੂਰਥਲਾ ਜ਼ਿਲ੍ਹੇ ਵਿਚ ਸਰਪੰਚਾਂ ਦੀਆਂ 4 ਤੇ ਪੰਚਾਂ ਦੀਆਂ 63 ਖਾਲੀ ਸੀਟਾਂ ਦੀ 27 ਜੁਲਾਈ ਨੂੰ ਹੋਣ ਵਾਲੀ ਚੋਣ ਲਈ ਅੱਜ ਨਾਮਜ਼ਦਗੀ ਪਰਚੇ ਦਾਖਲ ਕਰਨ ਦੇ ਆਖਰੀ ਦਿਨ ਸਰਪੰਚਾਂ ਦੀ ਚੋਣ ਲਈ 13 ਤੇ ਪੰਚਾਂ ਦੀ ਚੋਣ ਲਈ 83 ਉਮੀਦਵਾਰਾਂ ਨੇ ਨਾਮਜ਼ਦੀ ਪਰਚੇ ਦਾਖਲ ਕੀਤੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵਰਿੰਦਰਪਾਲ ਸਿੰਘ ਬਾਜਵਾ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਤੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਪੂਰਥਲਾ ਨੇ ਦੱਸਿਆ ਕਿ ਕਪੂਰਥਲਾ ਬਲਾਕ ਤੋਂ ਸਰਪੰਚ ਲਈ 2, ਪੰਚ ਲਈ 23, ਢਿਲਵਾਂ ਬਲਾਕ ਤੋਂ ਸਰਪੰਚ ਲਈ 11, ਪੰਚ ਲਈ 38, ਸੁਲਤਾਨਪੁਰ ਲੋਧੀ ਤੋਂ ਪੰਚ ਲਈ 12, ਫਗਵਾੜਾ ਤੋਂ ਪੰਚ ਲਈ 4 ਤੇ ਨਡਾਲਾ ਬਲਾਕ ਤੋਂ ਸਰਪੰਚ ਲਈ 6 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪਰਚੇ ਵੱਖ-ਵੱਖ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ 'ਚ ਜਾ ਕੇ ਭਰੇ | ਉਨ੍ਹਾਂ ਕਿਹਾ ਕਿ 18 ਜੁਲਾਈ ਨੂੰ ਨਾਮਜ਼ਦਗੀ ਪਰਚਿਆਂ ਦੀ ਪੜਤਾਲ ਹੋਵੇਗੀ ਤੇ 19 ਜੁਲਾਈ ਨੂੰ ਉਮੀਦਵਾਰ ਆਪਣੇ ਨਾਮਜ਼ਦਗੀ ਪਰਚੇ ਵਾਪਸ ਲੈ ਸਕਣਗੇ | ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਰਪੰਚ ਤੇ ਪੰਚ ਦੀ ਚੋਣ ਲਈ ਜ਼ਿਲ੍ਹੇ ਵਿਚ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸੇ ਦੌਰਾਨ ਹੀ ਕਪੂਰਥਲਾ ਬਲਾਕ ਦੇ ਪਿੰਡ ਮਾਛੀਪਾਲ ਦੇ ਵਾਰਡ ਨੰਬਰ 2 ਤੋਂ ਪੰਚ ਦੀ ਉਮੀਦਵਾਰ ਬੀਬੀ ਕਮਲਜੀਤ ਕੌਰ ਤੇ ਭਲਾਈਪੁਰ ਦੇ ਵਾਰਡ ਨੰਬਰ 4 ਤੋਂ ਪੰਚ ਦੀ ਉਮੀਦਵਾਰ ਬੀਬੀ ਬਲਵਿੰਦਰ ਕੌਰ ਨੇ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਸ਼ੇਖੂਪੁਰ ਵਿਚ ਰਿਟਰਨਿੰਗ ਅਫ਼ਸਰ ਹਰਵਿੰਦਰ ਭੰਡਾਲ ਦੇ ਦਫ਼ਤਰ ਵਿਚ ਨਾਮਜ਼ਦਗੀ ਪਰਚੇ ਦਾਖਲ ਕੀਤੇ | ਇਸ ਮੌਕੇ ਸਹਾਇਕ ਰਿਟਰਨਿੰਗ ਅਫ਼ਸਰ ਅਰਵਿੰਦਰ ਸਿੰਘ, ਸਹਾਇਕ ਰਿਟਰਨਿੰਗ ਅਫ਼ਸਰ ਪਾਰਸ ਧੀਰ ਤੇ ਕੰਪਿਊਟਰ ਅਧਿਆਪਕ ਅਵਿਨਾਸ਼ ਭੱਲਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |