ਕਪੂਰਥਲਾ, 17 ਜੁਲਾਈ (ਅਮਰਜੀਤ ਕੋਮਲ)- ਪੰਜਾਬ ਪੇ ਸਕੇਲ ਬਹਾਲੀ ਸਾਂਝੇ ਫ਼ਰੰਟ ਦੇ ਸੱਦੇ 'ਤੇ ਅੱਜ ਡੈਮੋਕਰੈਟਿਕ ਟੀਚਰ ਫ਼ਰੰਟ ਪੰਜਾਬ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਨੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿਚ ਕਾਲਾ ਦਿਵਸ ਮਨਾ ਕੇ ਰੋਸ ਵਿਖਾਵੇ ਕੀਤੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੈਮੋਕਰੈਟਿਕ ਟੀਚਰ ਫ਼ਰੰਟ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ, ਸੀਨੀਅਰ ਆਗੂ ਜੋਤੀ ਮਹਿੰਦਰੂ ਤੇ ਜ਼ਿਲ੍ਹਾ ਸਕੱਤਰ ਅਨਿਲ ਸ਼ਰਮਾ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿਚ ਅਧਿਆਪਕਾਂ ਨੇ ਆਪਣੀ ਡਿਊਟੀ ਦੌਰਾਨ ਕਾਲੇ ਬਿੱਲੇ ਲਗਾਏ ਤੇ ਇਸ ਦਿਨ ਨੂੰ ਕਾਲਾ ਦਿਵਸ ਵਜੋਂ ਮਨਾਉਂਦਿਆਂ ਸਕੂਲਾਂ ਦੇ ਬਾਹਰ ਅਧੂਰੇ ਪੇ ਸਕੇਲ ਦੀਆਂ ਕਾਪੀਆਂ ਸਾੜ ਕੇ ਰੋਸ ਵਿਖਾਵਾ ਕੀਤਾ | ਅਧਿਆਪਕ ਆਗੂਆਂ ਨੇ ਦੱਸਿਆ ਕਿ ਪਿਛਲੀ ਸਰਕਾਰ ਵਲੋਂ ਇਹ ਮੁਲਾਜ਼ਮ ਮਾਰੂ ਨੋਟੀਫ਼ਿਕੇਸ਼ਨ 17 ਜੁਲਾਈ 2020 ਨੂੰ ਲਾਗੂ ਕੀਤਾ ਗਿਆ ਸੀ ਤੇ ਹੁਣ ਸਮੇਂ ਵਿਰੋਧੀ ਧਿਰ ਦੀ ਭੂਮਿਕਾ ਨਿਭਾਅ ਰਹੀ ਆਮ ਆਦਮੀ ਪਾਰਟੀ ਵਲੋਂ ਇਸ ਨੋਟੀਫ਼ਿਕੇਸ਼ਨ ਦਾ ਵਿਰੋਧ ਕਰਦਿਆਂ ਪੰਜਾਬ ਦੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਹ ਸੱਤਾ ਵਿਚ ਆਉਣ ਤੋਂ ਤੁਰੰਤ ਬਾਅਦ ਪੁਰਾਣੀ ਪੈਨਸ਼ਨ ਬਹਾਲ ਕਰਨ, ਪੁਰਾਣਾ ਪੇ-ਸਕੇਲ ਲਾਗੂ ਕਰਨ ਤੇ ਪਰਖਕਾਲ ਦਾ ਸਮਾਂ ਘੱਟ ਕਰਨ ਦਾ ਲਿਖਤੀ ਵਾਅਦਾ ਕੀਤਾ ਸੀ | ਅਧਿਆਪਕ ਆਗੂਆਂ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੇ ਸਾਢੇ 3 ਵਰ੍ਹੇ ਬੀਤ ਜਾਣ ਦੇ ਬਾਵਜੂਦ ਸਰਕਾਰ ਨੇ ਮੁਲਾਜ਼ਮਾਂ ਦੇ ਹੱਕ ਵਿਚ ਕੋਈ ਫ਼ੈਸਲਾ ਨਹੀਂ ਲਿਆ, ਜਿਸ ਨੂੰ ਲੈ ਕੇ ਅਧਿਆਪਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਡੀ.ਟੀ.ਐਫ. ਦੇ ਆਗੂਆਂ ਨੇ ਕਿਹਾ ਕਿ ਮੌਜੂਦਾ ਤਨਖ਼ਾਹ ਸਕੇਲ ਮੁਤਾਬਿਕ ਮੁਲਾਜ਼ਮਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਘੱਟ ਤਨਖ਼ਾਹ ਮਿਲ ਰਹੀ ਹੈ | ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਵੱਖ-ਵੱਖ ਵਿਭਾਗਾਂ ਦੇ ਸਮੂਹ ਮੁਲਾਜ਼ਮਾਂ ਲਈ ਸੂਬਾਈ ਪੇ-ਸਕੇਲ ਬਹਾਲ ਨਾ ਕੀਤਾ ਤਾਂ ਉਹ ਪੰਜਾਬ ਸਰਕਾਰ ਵਿਰੁੱਧ ਵਿਆਪਕ ਸੰਘਰਸ਼ ਛੇੜਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ |