ਕਪੂਰਥਲਾ, 15 ਜੁਲਾਈ (ਅਮਨਜੋਤ ਸਿੰਘ ਵਾਲੀਆ)-ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕੇ ਪੁਰਾਣੀ ਸਬਜ਼ੀ ਮੰਡੀ ਨੇੜੇ ਮੁਹੱਲਾ ਕਸਾਬਾਂ ਬਾਲੀ ਵਾਲੀ ਗਲੀ ਵਿਚ ਵੱਖ-ਵੱਖ ਖ਼ਾਲੀ ਪਲਾਟਾਂ ਵਿਚ ਲੱਗੇ ਕੂੜੇ ਦੇ ਢੇਰ ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਵਲੋਂ ਜਾਰੀ ਹਦਾਇਤਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ | ਐਡਵੋਕੇਟ ਐਸ.ਕੇ. ਵਧਵਾ ਤੇ ਹਰਸ਼ ਕੁਮਾਰ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਨੂੰ ਮੱਦੇ ਨਜ਼ਰ ਰੱਖਦਿਆਂ ਬੀਤੀ 1 ਜੁਲਾਈ ਨੂੰ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਜ਼ਿਲੇ੍ਹ ਭਰ ਵਿਚ ਪਲਾਟ ਮਾਲਕ ਖ਼ਾਲੀ ਪਲਾਟਾਂ ਵਿਚ ਲੱਗੇ ਕੂੜੇ ਕਰਕਟ ਅਤੇ ਹੋਰ ਰਹਿੰਦ ਖੰੂਹਦ ਨੂੰ ਜਲਦ ਤੋਂ ਜਲਦ ਸਾਫ਼ ਕਰਵਾਉਣ ਤੇ ਪਲਾਟ ਮਾਲਕ ਆਪਣੇ ਖ਼ਾਲੀ ਪਲਾਟਾਂ ਦੇ ਆਲੇ ਦੁਆਲੇ ਚਾਰ ਦੀਵਾਰੀ ਜਾਂ ਵਾੜ ਬਣਾਉਣ ਤਾਂ ਕਿ ਕੂੜੇ ਦੀ ਡੰਪਿੰਗ ਨੂੰ ਰੋਕਿਆ ਜਾ ਸਕੇ | ਇਸ ਤੋਂ ਇਲਾਵਾ ਸਰਕਾਰੀ ਵਿਭਾਗਾਂ ਨੂੰ ਵੀ ਆਪਣੇ ਅਧਿਕਾਰ ਖੇਤਰ ਵਿਚ ਆਉਂਦੇ ਖ਼ਾਲੀ ਪਈ ਜ਼ਮੀਨ ਸਮੇਤ ਖ਼ਾਲੀ ਜਾਇਦਾਦਾਂ ਤੋਂ ਸਾਫ਼ ਸਫ਼ਾਈ ਕਰਵਾਉਣ ਦੀ ਹਿਦਾਇਤ ਕੀਤੀ ਗਈ ਸੀ | ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟਰੇਟ ਨੇ ਕਮਿਸ਼ਨਰ ਨਗਰ ਨਿਗਮ ਕਪੂਰਥਲਾ ਤੇ ਏ.ਡੀ.ਸੀ. ਸ਼ਹਿਰੀ ਵਿਕਾਸ ਨੂੰ ਵੀ ਨਿਰਦੇਸ਼ ਦਿੱਤੇ ਕਿ ਆਪੋ ਆਪਣੇ ਖੇਤ ਵਿਚ ਇਨ੍ਹਾਂ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਤੇ ਇਹਨਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਤੁਰੰਤ ਕਾਰਵਾਈ ਯਕੀਨੀ ਬਣਾਉਣ ਲਈ ਕਿਹਾ ਸੀ | ਮੁਹੱਲਾ ਵਾਸੀਆਂ ਨੇ ਕਿਹਾ ਕਿ ਅੱਜ ਲਗਭਗ ਅੱਧਾ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਕਸਾਬਾਂ ਮੁਹੱਲੇ ਦੇ ਖ਼ਾਲੀ ਪਲਾਟਾਂ ਵਿਚ ਲੱਗੇ ਕੂੜੇ ਦੇ ਡੰਪ ਨੂੰ ਸਾਫ਼ ਨਹੀਂ ਕਰਵਾਇਆ ਗਿਆ ਜਿਸ ਕਾਰਨ ਮੁਹੱਲੇ ਵਿਚ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ | ਮੁਹੱਲਾ ਵਾਸੀ ਐਡਵੋਕੇਟ ਉਪਿੰਦਰ ਵਾਲੀਆ, ਐਡਵੋਕੇਟ ਮਨਪ੍ਰੀਤ, ਸੁਰਿੰਦਰ ਕੌਰ, ਸਤਪਾਲ, ਸਿਮਰਨ ਕੌਰ ਵਾਲੀਆ, ਸ਼ਸ਼ੀ, ਪੰਕਜ ਵਾਲੀਆ, ਮੋਹਿਤ ਆਦਿ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਇਹਨਾਂ ਹਦਾਇਤਾਂ ਨੂੰ ਤੁਰੰਤ ਲਾਗੂ ਕਰਵਾਇਆ ਜਾਵੇ ਅਤੇ ਢਿੱਲ ਵਰਤਣ ਵਾਲੇ ਲੋਕਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ |