18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਨਗਰ ਵਿਚ 2 ਧਿਰਾਂ ਦਰਮਿਆਨ ਹੋਏ ਝਗੜੇ ਦੌਰਾਨ ਚੱਲੀ ਗੋਲੀ

ਅਜੀਤ ਡੈਸਕ 16-07-2025
ਕਪੂਰਥਲਾ, 15 ਜੁਲਾਈ (ਸਡਾਨਾ)-ਅੱਜ ਦੁਪਹਿਰ ਦੇ ਸਮੇਂ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਨਗਰ ਵਿਖੇ ਦੋ ਧਿਰਾਂ ਦਰਮਿਆਨ ਹੋਏ ਝਗੜੇ ਨੂੰ ਲੈ ਕੇ ਚੱਲੀ ਗੋਲੀ ਦੇ ਮਾਮਲੇ ਵਿਚ ਥਾਣਾ ਸਿਟੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਇਕ ਧਿਰ ਪਾਸੋਂ ਹਥਿਆਰ ਕਬਜ਼ੇ ਵਿਚ ਲੈ ਲਏ ਹਨ ਤੇ ਮਾਮਲੇ ਸਬੰਧੀ ਲੋੜੀਂਦੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ | ਪ੍ਰਾਪਤ ਵੇਰਵੇ ਅਨੁਸਾਰ ਇਕ ਧਿਰ ਨਾਲ ਸਬੰਧਿਤ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਹ ਉਕਤ ਕਲੋਨੀ ਦੇ ਵਸਨੀਕ ਹਨ ਅਤੇ ਕਲੋਨੀ ਵਿਚ ਰਹਿੰਦੇ ਵੀਰਕੰਵਲਜੀਤ ਸਿੰਘ ਬਾਵਾ ਵਲੋਂ ਕਲੋਨੀ ਵਿਚ ਇਕ ਸੀਵਰੇਜ ਤੋੜਿਆ ਗਿਆ, ਜਿਸ ਕਾਰਨ ਉਨ੍ਹਾਂ ਦੇ ਘਰ ਦੇ ਬਾਹਰ ਗੰਦਗੀ ਰਹਿੰਦੀ ਹੈ ਤੇ ਉਹ ਸੀਵਰੇਜ ਠੀਕ ਵੀ ਨਹੀਂ ਕਰਵਾਉਣ ਦਿੰਦੇ | ਇਸ ਤੋਂ ਇਲਾਵਾ ਉਕਤ ਵਿਅਕਤੀ ਨੇ ਗਲੀ ਦੇ ਖੰਭੇ ਉੱਪਰ ਉਨ੍ਹਾਂ ਦੇ ਘਰ ਵੱਲ ਨੂੰ ਕਰਕੇ ਕੈਮਰੇ ਲਗਾਏ ਹੋਏ ਹਨ ਤੇ ਅਜਿਹਾ ਕਰਕੇ ਉਹ ਉਨ੍ਹਾਂ ਦੀ ਨਿੱਜੀਤਾ ਦੀ ਉਲੰਘਣਾ ਕਰ ਰਿਹਾ ਹੈ | ਜੋਗਿੰਦਰ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਵੀ ਇਸ ਸਬੰਧੀ ਉੱਚ ਪੁਲਿਸ ਅਧਿਕਾਰੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਕਰ ਚੁੱਕੇ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ | ਅੱਜ ਜਦੋਂ ਉਹ ਕਲੋਨੀ ਵਾਸੀਆਂ ਨਾਲ ਉਨ੍ਹਾਂ ਦੇ ਘਰ ਵੱਲ ਨੂੰ ਕਰਕੇ ਲਗਾਏ ਕੈਮਰੇ ਉਤਾਰਨ ਲੱਗੇ ਤਾਂ ਉਕਤ ਵਿਅਕਤੀ ਨੇ ਕਥਿਤ ਤੌਰ 'ਤੇ ਉਨ੍ਹਾਂ ਵੱਲ ਗੋਲੀਆਂ ਚਲਾ ਦਿੱਤੀਆਂ ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ | ਦੂਸਰੀ ਧਿਰ ਨਾਲ ਸਬੰਧਿਤ ਵੀਰਕੰਵਲਜੀਤ ਸਿੰਘ ਗਿੰਨੀ ਬਾਵਾ ਦੇ ਪਿਤਾ ਮਨਜੀਤ ਬਹਾਦਰ ਸਿੰਘ ਬਾਵਾ ਨੇ ਦੱਸਿਆ ਕਿ ਉਨ੍ਹਾਂ ਦਾ ਕਲੋਨੀ ਵਿਚ ਪਹਿਲਾਂ ਮਕਾਨ ਬਣਿਆ ਹੋਇਆ ਹੈ ਅਤੇ ਉਨ੍ਹਾਂ ਦੇ ਨੇੜਲੇ ਮਕਾਨ ਵਾਲਿਆਂ ਨੇ ਕੁੱਝ ਸਮਾਂ ਬਾਅਦ ਆਪਣੇ ਮਕਾਨ ਬਣਾਏ ਹਨ ਅਤੇ ਥੜੇ੍ਹ ਉੱਚੇ ਬਣਾਉਣ ਕਾਰਨ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਲੈ ਕੇ ਉਨ੍ਹਾਂ ਨੇ ਵੀ ਪ੍ਰਸ਼ਾਸਨ ਨੂੰ ਦਰਖਾਸਤਾਂ ਦਿੱਤੀਆਂ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਲੜਕੇ 'ਤੇ ਪਹਿਲਾਂ ਵੀ ਇਕ ਵਾਰ ਹਮਲਾ ਹੋ ਚੁੱਕਾ ਹੈ ਅਤੇ ਆਪਣੀ ਸੁਰੱਖਿਆ ਦੇ ਮੱਦੇਨਜ਼ਰ ਕੈਮਰੇ ਲਗਾਏ ਹਨ ਅਤੇ ਅੱਜ ਵੀ ਉਨ੍ਹਾਂ ਦੇ ਘਰ 'ਤੇ ਇੱਟਾਂ ਨਾਲ ਉਨ੍ਹਾਂ ਦੇ ਗੁਆਂਢੀਆਂ ਵਲੋਂ ਹਮਲਾ ਕੀਤਾ ਗਿਆ | ਮੌਕੇ 'ਤੇ ਪਹੁੰਚੇ ਡੀ.ਐਸ.ਪੀ. ਸਬ ਡਵੀਜ਼ਨ ਦੀਪ ਕਰਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਦੋਵਾਂ ਧਿਰਾਂ ਦੀ ਸੀਵਰੇਜ ਦੀ ਪਾਈਪ ਅਤੇ ਖੰਭੇ 'ਤੇ ਲੱਗੇ ਕੈਮਰਿਆਂ ਨੂੰ ਲੈ ਕੇ ਤਕਰਾਰ ਚੱਲ ਰਹੀ ਸੀ, ਜਿਸ ਕਾਰਨ ਅੱਜ ਇਹ ਘਟਨਾ ਵਾਪਰੀ ਹੈ | ਉਨ੍ਹਾਂ ਦੱਸਿਆ ਕਿ ਗਿੰਨੀ ਬਾਵਾ ਪਾਸੋਂ ਹਥਿਆਰ ਲੈ ਕੇ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਏ ਹਨ ਅਤੇ ਦੋਵਾਂ ਧਿਰਾਂ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਇਸ ਮਾਮਲੇ ਦੀ ਨਿਰਪੱਖ ਹੋ ਕੇ ਪੜਤਾਲ ਕਰ ਰਹੀ ਹੈ, ਜਦੋਂ ਥਾਣਾ ਸਿਟੀ ਮੁਖੀ ਇੰਸਪੈਕਟਰ ਬਿਕਰਮਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਦੌਰਾਨ ਇਕ ਧਿਰ ਦੇ ਬਿਆਨਾਂ ਤਹਿਤ ਕੇਸ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਹਥਿਆਰ ਕਬਜ਼ੇ ਵਿਚ ਲੈ ਕੇ ਗੋਲੀ ਚੱਲਣ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਡੀ.ਈ.ਓ. ਹਰਜਿੰਦਰ ਸਿੰਘ ਤੇ ਹੋਰ ਅਧਿਕਾਰੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਮਾਸਟਰ ਕੇਡਰ ਯੂਨੀਅਨ ਦੀ ਦੁਆਬਾ ਜ਼ੋਨ ਦੀ ਮੀਟਿੰਗ ਜਲੰਧਰ 'ਚ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।