ਮਾਨਸਾ, 19 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਫ਼ਰਦ ਕੇਂਦਰ ਕੰਪਿਊਟਰ ਓਪਰੇਟਰ ਐਸੋਸੀਏਸ਼ਨ ਵਲੋਂ ਹੱਕੀ ਮੰਗਾਂ ਮਨਵਾਉਣ ਲਈ ਅਗਲੇ ਦਿਨਾਂ 'ਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ | ਪਹਿਲੇ ਦੌਰ 'ਚ 2 ਦਸੰਬਰ ਤੋਂ 4 ਦਸੰਬਰ ਤੱਕ ਪੰਜਾਬ ਸਰਕਾਰ ਖ਼ਿਲਾਫ਼ ਹਰ ਜ਼ਿਲੇ੍ਹ 'ਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ | ਇਹ ਪ੍ਰਗਟਾਵਾ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਮਨਦੀਪ ਸਿੰਘ ਚਕੇਰੀਆਂ ਨੇ 'ਅਜੀਤ' ਉਪ ਦਫ਼ਤਰ ਵਿਖੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਪੰਜਾਬ ਦੇ ਡਾਟਾ ਐਂਟਰੀ ਓਪਰੇਟਰ ਪਿਛਲੇ ਸਾਲਾਂ ਤੋਂ ਫ਼ਰਦ ਕੇਂਦਰਾਂ 'ਚ ਸੇਵਾਵਾਂ ਨਿਭਾਅ ਰਹੇ ਹਨ, ਜਿਨ੍ਹਾਂ ਦੇ ਯਤਨਾਂ ਸਦਕਾ ਜਿੱਥੇ ਪਟਵਾਰ ਮਾਲ ਰਿਕਾਰਡ ਪ੍ਰਣਾਲੀ 'ਚ ਡਿਜੀਟਲ ਤੌਰ 'ਤੇ ਸੁਧਾਰ ਆਇਆ ਹੈ ਉੱਥੇ ਸਰਕਾਰ ਦੇ ਮਾਲੀਏ 'ਚ ਵੀ ਵਾਧਾ ਹੋਇਆ ਹੈ ਪ੍ਰੰਤੂ ਕਰਮਚਾਰੀਆਂ ਨੂੰ ਬਣਦਾ ਹੱਕ ਨਹੀਂ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਕਰਮਚਾਰੀ ਕੰਪਨੀ ਅਧੀਨ ਪਿਛਲੇ ਡੇਢ ਦਹਾਕੇ ਤੋਂ ਨਿਗੂਣੀ ਤਨਖ਼ਾਹ 'ਤੇ ਕੰਮ ਕਰ ਰਹੇ ਹਨ | ਉਨ੍ਹਾਂ ਨੂੰ ਪੂਰੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਅਤੇ ਕਈ ਵਾਰ ਤਨਖ਼ਾਹ ਵੀ ਦੇਰੀ ਨਾਲ ਮਿਲਦੀ ਹੈ | ਚਕੇਰੀਆਂ ਅਨੁਸਾਰ ਜਦੋਂ ਕਰਮਚਾਰੀ ਹੜਤਾਲ ਕਰਦੇ ਹਨ ਤਾਂ ਤਨਖ਼ਾਹ ਕੱਟ ਲਈ ਜਾਂਦੀ ਹੈ ਅਤੇ ਕੁਝ ਵਿਅਕਤੀਆਂ ਦੀ ਬਾਹਰਲੇ ਰਾਜ 'ਚ ਬਦਲੀ ਕਰ ਦਿੱਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਹਾਲੇ ਤੱਕ ਦੀਵਾਲੀ ਬੋਨਸ ਵੀ ਨਹੀਂ ਦਿੱਤਾ ਗਿਆ | ਉਨ੍ਹਾਂ ਮੰਗ ਕੀਤੀ ਕਿ ਤਨਖ਼ਾਹ 'ਚ 50 ਫ਼ੀਸਦੀ ਵਾਧਾ ਕਰਨ ਦੇ ਨਾਲ ਹੀ ਬੋਨਸ ਅਦਾ ਕੀਤਾ ਜਾਵੇ ਅਤੇ ਠੇਕਾ ਪ੍ਰਣਾਲੀ ਨੂੰ ਬੰਦ ਕਰ ਕੇ ਵਿਭਾਗ ਅਧੀਨ ਲਿਆਂਦਾ ਜਾਵੇ |