ਮਾਨਸਾ, 19 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਹੋਈਆਂ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ 'ਚ ਮਾਨਸਾ ਜ਼ਿਲੇ੍ਹ ਦੀ ਲੜਕੀਆਂ ਦੀ ਕਬੱਡੀ ਟੀਮ ਨੇ ਪੰਜਾਬ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਨਵਜੋਤ ਕੌਰ ਡਿਪਟੀ ਕਮਿਸ਼ਨਰ ਅਤੇ ਮੰਜੂ ਬਾਲਾ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਖਿਡਾਰਨਾਂ ਦੀ ਪ੍ਰਾਪਤੀ 'ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਖਿਡਾਰਨਾਂ ਦੇ ਆਤਮ ਸਨਮਾਨ ਅਤੇ ਹੌਸਲੇ ਲਈ ਕਾਰਗਰ ਸਿੱਧ ਹੋਵੇਗੀ | ਉਨ੍ਹਾਂ ਕਿਹਾ ਕਿ ਜਿੱਤ ਇਸ ਗੱਲ ਦੀ ਗਵਾਹ ਹੈ ਕਿ ਮਾਨਸਾ ਨਾ ਸਿਰਫ਼ ਵਿੱਦਿਅਕ ਖੇਤਰ ਸਗੋਂ ਖੇਡਾਂ ਦੇ ਖੇਤਰ ਵਿਚ ਵੀ ਮੋਹਰੀ ਸਥਾਨ 'ਤੇ ਉੱਭਰ ਕੇ ਆ ਰਿਹਾ ਹੈ | ਜ਼ਿਲ੍ਹਾ ਖੇਡ ਅਫ਼ਸਰ (ਪ੍ਰਾਇਮਰੀ) ਰਣਜੀਤ ਸਿੰਘ ਨੇ ਦੱਸਿਆ ਕਿ ਟੀਮ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਬਹਿਣੀਵਾਲ, ਰਾਏਪੁਰ, ਜੀਤਸਰ, ਝੰਡੂਕੇ ਈ.ਜੀ.ਐੱਸ. ਅੱਪਗ੍ਰੇਡ ਅਤੇ ਲਖਮੀਰਵਾਲਾ ਦੀਆਂ ਵਿਦਿਆਰਥਣਾਂ ਸ਼ਾਮਿਲ ਸਨ | ਇਸੇ ਦੌਰਾਨ ਟੀਮ ਨਾਲ ਗਏ ਅਧਿਆਪਕ ਵਰਿੰਦਰ ਸਿੰਘ ਰਾਏਪੁਰ, ਸਤਪਾਲ ਸਿੰਘ, ਅਮਰਜੀਤ ਕੌਰ, ਤੇਜਿੰਦਰ ਸਿੰਘ, ਸੁਖਦੀਪ ਸਿੰਘ ਝੰਡੂਕੇ ਨੇ ਕਿਹਾ ਕਿ ਇਸ ਸਿਹਰਾ ਖਿਡਾਰਨਾਂ ਦੇ ਨਾਲ-ਨਾਲ ਖੇਡ ਅਧਿਆਪਕਾਂ ਨੂੰ ਜਾਂਦਾ ਹੈ |