ਮਾਨਸਾ, 21 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ ਹਲਕਾ ਮਾਨਸਾ ਦੀ ਇਕੱਤਰਤਾ ਇੱਥੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਦਫ਼ਤਰ ਵਿਖੇ ਹੋਈ | ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਮੌਕੇ ਕੀਤੇ ਵਾਅਦੇ ਸੱਤਾ ਹਾਸਲ ਕਰਨ ਉਪਰੰਤ ਪੂਰੇ ਨਹੀਂ ਕੀਤੇ ਗਏ | ਉਨ੍ਹਾਂ ਕਿਹਾ ਕਿ ਆਪ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਤ ਹੋ ਰਹੀ ਹੈ | ਅਕਾਲੀ ਆਗੂਆਂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਵਿਕਾਸ ਤੇ ਹਿਤਾਂ ਲਈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਮੋਹਰੀ ਹੋ ਕੇ ਲੜਾਈ ਲੜੀ ਹੈ, ਜਿਸ ਸਦਕਾ ਲੋਕ ਪਾਰਟੀ ਦੀ ਪਿੱਠ 'ਤੇ ਖੜ੍ਹੇ ਹਨ | ਉਨ੍ਹਾਂ ਕਿਹਾ ਕਿ ਤਰਨਤਾਰਨ ਜ਼ਿਮਨੀ ਚੋਣ 'ਚ ਅਕਾਲੀ ਉਮੀਦਵਾਰ ਸ਼ਾਨਦਾਰ ਜਿੱਤ ਹਾਸਲ ਕਰੇਗਾ, ਜੋ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਬਣਨ ਵਾਲੀ ਸਰਕਾਰ ਦਾ ਮੁੱਢ ਬੰਨ੍ਹੇਗੀ | ਇਸ ਮੌਕੇ ਪਾਰਟੀ ਦੇ ਨਵ-ਨਿਯੁਕਤ ਜ਼ਿਲ੍ਹਾ ਦਿਹਾਤੀ ਪ੍ਰਧਾਨ ਬਲਵੀਰ ਸਿੰਘ ਬੀਰੋਕੇ, ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਸੋਢੀ ਤੋਂ ਇਲਾਵਾ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਨੂੰ ਵਰਕਿੰਗ ਕਮੇਟੀ ਮੈਂਬਰ ਨਿਯੁਕਤ ਕਰਨ 'ਤੇ ਹਾਈਕਮਾਨ ਦਾ ਧੰਨਵਾਦ ਕਰਦਿਆਂ ਅਹੁਦੇਦਾਰਾਂ ਦਾ ਸਨਮਾਨ ਵੀ ਕੀਤਾ | ਇਨ੍ਹਾਂ ਆਗੂਆਂ ਨੇ ਆਖਿਆ ਕਿ ਉਹ ਅਕਾਲੀ ਦਲ ਦੀ ਮਜ਼ਬੂਤੀ ਲਈ ਦਿਨ-ਰਾਤ ਇਕ ਕਰਨਗੇ | ਇਸ ਦੌਰਾਨ ਲੈਂਡ ਪੂਿਲੰਗ ਨੀਤੀ ਨੂੰ ਰੱਦ ਕਰਵਾਉਣ ਲਈ ਸੰਘਰਸ਼ ਮੋਹਰੀ ਹੋ ਕੇ ਲੜਨ ਦਾ ਅਹਿਦ ਕੀਤਾ ਗਿਆ | ਇਸ ਮੌਕੇ ਜਥੇਦਾਰ ਬਲਦੇਵ ਸਿੰਘ ਮਾਖਾ, ਆਤਮਜੀਤ ਸਿੰਘ ਕਾਲਾ, ਹਰਬੰਸ ਸਿੰਘ ਪੰਮੀ, ਜਸਵਿੰਦਰ ਸਿੰਘ ਤਾਮਕੋਟ, ਗੁਰਪ੍ਰੀਤ ਸਿੰਘ ਸਿੰਧੂ, ਜਸਵਿੰਦਰ ਸਿੰਘ ਚਕੇਰੀਆਂ, ਸੁਰਜੀਤ ਸਿੰਘ ਲੱਲੂਆਣਾ, ਹਨੀਸ਼ ਬਾਂਸਲ, ਬੂਟਾ ਸਿੰਘ ਅਕਲੀਆ, ਬਲਜਿੰਦਰ ਸਿੰਘ ਘਾਲੀ, ਰੰਗੀ ਸਿੰਘ ਖਾਰਾ, ਬੂਟਾ ਸਿੰਘ ਅਕਲੀਆ, ਭਰਭੂਰ ਸਿੰਘ ਅਤਲਾ, ਗੁਰਜੀਤ ਸਿੰਘ ਧੂਰਕੋਟੀਆ, ਲਾਲ ਸਿੰਘ ਠੂਠਿਆਂਵਾਲੀ, ਹਰਮਨਜੀਤ ਸਿੰਘ ਭੰਮਾ, ਮਹਿੰਦਰਜੀਤ ਸਿੰਘ ਗੁਰਪ੍ਰਸਾਦੀ, ਜੁਗਰਾਜ ਸਿੰਘ ਰਾਜ ਪੇਂਟਰ, ਮੇਲਾ ਸਿੰਘ ਬੱਪੀਆਣਾ ਤੇ ਜਥੇਦਾਰ ਲਾਭ ਸਿੰਘ ਆਦਿ ਹਾਜ਼ਰ ਸਨ |
ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ 'ਤੇ ਪੂਰਾ ਨਹੀਂ ਉੱਤਰੀ- ਅਕਾਲੀ ਆਗੂ
ਅਜੀਤ ਡੈਸਕ
22-07-2025