ਮੌੜ ਮੰਡੀ, 19 ਜੁਲਾਈ (ਗੁਰਜੀਤ ਸਿੰਘ ਕਮਾਲੂ)-ਬੀਤੇ ਦਿਨਾਂ ਵਿਚ ਮੌੜ ਇਲਾਕੇ ਦੇ ਪਿੰਡਾਂ 'ਚ ਪਏ ਭਾਰੀ ਮੀਂਹ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ | ਕਈ ਏਕੜ ਖੇਤਾਂ 'ਚ ਤਾਂ ਝੋਨਾ ਪੂਰੀ ਤਰ੍ਹਾਂ ਡੁੱਬ ਚੁੱਕਾ ਹੈ | ਮੱਕੀ ਦੀ ਫ਼ਸਲ 'ਚ ਐਨਾਂ ਜ਼ਿਆਦਾ ਪਾਣੀ ਖੜ੍ਹ ਗਿਆ ਵਾਢੀ ਨਹੀਂ ਹੋ ਸਕਦੀ ਵੱਡੀ ਗਿਣਤੀ ਮੋਟਰਾਂ/ਟਿਊਬਵੈੱਲ ਪਾਣੀ 'ਚ ਡੁੱਬ ਗਏ ਹਨ, ਜਿਸ ਕਾਰਨ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ | ਵੇਰਵਿਆਂ ਮੁਤਾਬਿਕ ਦੋ ਦਿਨ ਪਹਿਲਾਂ ਹਲਕਾ ਮੌੜ ਨੇੜਲੇ ਪਿੰਡਾਂ 'ਚ ਪਏ ਭਾਰੀ ਮੀਂਹ ਕਾਰਨ ਜਿੱਥੇ ਸ਼ਹਿਰੀ ਆਬਾਦੀ 'ਚ ਸੜਕਾਂ ਨਹਿਰਾਂ ਬਣ ਗਈਆਂ ਸੀ ਉੱਥੇ ਹੀ ਖੇਤਾਂ 'ਚ ਪਾਣੀ ਭਰਨ ਕਰਕੇ ਫ਼ਸਲਾਂ ਡੁੱਬ ਗਈਆਂ ਪਿੰਡ ਕੋਟਲੀ ਖੁਰਦ ਦੇ ਖੇਤਾਂ 'ਚ ਦਲੀਏਵਾਲੀ (ਮਾਨਸਾ) ਸੜਕ ਦੇ ਨੇੜਲੇ ਖੇਤ ਸਮੁੰਦਰ ਬਣ ਗਏ ਹਨ ਇਨ੍ਹਾਂ ਖੇਤਾਂ 'ਚ ਕਰੀਬ ਤਿੰਨ ਹਫ਼ਤੇ ਪਹਿਲਾਂ ਲਾਇਆ ਝੋਨਾ ਹੁਣ ਪਾਣੀ 'ਚ ਡੁੱਬ ਗਿਆ ਹੈ | ਇਸ ਤੋਂ ਇਲਾਵਾ ਮੂੰਗੀ ਅਤੇ ਮੱਕੀ ਵੀ ਪਾਣੀ ਦੀ ਮਾਰ ਤੋਂ ਬਚ ਨਹੀਂ ਸਕੀ ਵੱਡੀ ਗਿਣਤੀ ਪੀੜ੍ਹਤ ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਗੁਰਵਿੰਦਰ ਸਿੰਘ ਦੀ ਦੋ ਕਿੱਲੇ ਮੂੰਗੀ, ਵਿੱਕੀ ਸਿੰਘ ਦੀ ਦੋ ਕਿੱਲੇ 2 ਕਿੱਲੇ ਮੂੰਗੀ ਦੋ ਕਿੱਲੇ ਝੋਨਾ, ਲੱਭੀ ਸਿੰਘ ਦਾ ਇਕ ਕਿੱਲਾ ਮੂੰਗੀ, ਸਾਧਾ ਸਿੰਘ ਦੀ ਪੰਜ ਕਿੱਲੇ ਮੂੰਗੀ, ਸ਼ਿੰਦੀ ਸਿੰਘ ਦੀ ਚਾਰ ਕਿੱਲੇ ਮੂੰਗੀ, ਲੱਖੀ ਸਿੰਘ ਦੀ ਚਾਰ ਕਿੱਲੇ ਮੂੰਗੀ, ਬੀਤ ਸਿੰਘ ਦੀ ਦੋ ਕਿੱਲੇ ਮੂੰਗੀ, ਮੇਜਰ ਸਿੰਘ ਦਾ ਚਾਰ ਕਿੱਲੇ ਝੋਨਾ, ਗੁਰਮੇਲ ਸਿੰਘ ਦਾ ਤਿੰਨ ਕਿੱਲੇ ਝੋਨਾ, ਦਰਸ਼ਨ ਅਕਾਲੀ ਦਾ ਚਾਰ ਕਿੱਲੇ ਮੱਕੀ ਦੋ ਕਿੱਲੇ ਝੋਨਾ, ਭੋਲਾ ਪ੍ਰਧਾਨ ਦਾ ਦੋ ਕਿੱਲੇ ਝੋਨਾ, ਨੂਰਾ ਸਿੰਘ ਦੀ ਦੋ ਕਿੱਲੇ ਮੱਕੀ, ਹਰਪਾਲ ਸਿੰਘ ਦੀ ਡੇਢ ਕਿੱਲਾ ਮੂੰਗੀ, ਪਾਲ ਸਿੰਘ ਦੀ ਤਿੰਨ ਕਿੱਲੇ ਮੂੰਗੀ, ਮਾਣਕਾ ਸਿੰਘ ਦਾ ਤਿੰਨ ਕਿੱਲੇ ਝੋਨਾ ਅਤੇ ਮੰਗਤੂ ਸਿੰਘ ਦਾ ਚਾਰ ਕਿੱਲੇ ਝੋਨਾ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਚੁੱਕਾ ਹੈ |