ਲੁਧਿਆਣਾ,19 ਜੁਲਾਈ (ਜਤਿੰਦਰ ਭੰਬੀ)-ਝੋਨੇ ਦੇ ਮਧਰੇਪਣ ਦੀ ਸਮੱਸਿਆ ਪ੍ਰਤੀ ਕਿਸਾਨਾਂ ਨੂੰ ਸੁਚੇਤ ਕਰਦੇ ਹੋਏ ਪੀ.ਏ.ਯੂ. ਦੇ ਮਾਹਿਰਾਂ ਨੇ ਕਿਹਾ ਕਿ ਬੂਟਿਆਂ ਦਾ ਮਧਰਾ ਰਹਿ ਜਾਣਾ ਝੋਨੇ ਦਾ ਇਕ ਨਵਾਂ ਵਿਸ਼ਾਣੂ ਰੋਗ ਹੈ ਜੋ ਭਾਰਤ ਵਿਚ ਪਹਿਲੀ ਵਾਰ 2022 ਵਿਚ ਵੇਖਿਆ ਗਿਆ ਸੀ,ਜੋ ਕਿ ਝੋਨੇ ਦੇ ਚਿੱਟੀ ਪਿੱਠ ਵਾਲੇ ਟਿੱਡੇ ਰਾਹੀਂ ਫੈਲਦਾ ਹੈ | ਇਸ ਰੋਗ ਨਾਲ ਪ੍ਰਭਾਵਿਤ ਬੂਟੇ ਮਧਰੇ, ਉਨ੍ਹਾਂ ਦੇ ਪੱਤੇ ਨੋਕਦਾਰ ਅਤੇ ਜੜ੍ਹਾਂ ਘੱਟ ਡੂੰਘੀਆਂ ਰਹਿ ਜਾਂਦੀਆਂ ਹਨ | ਪ੍ਰਭਾਵਿਤ ਬੂਟਿਆਂ ਦੀ ਉਚਾਈ ਆਮ ਬੂਟਿਆਂ ਨਾਲੋਂ ਅੱਧੀ ਜਾਂ ਇਕਤਿਹਾਈ ਰਹਿ ਜਾਂਦੀ ਹੈ | ਪੌਦਾ ਰੋਗ ਵਿਭਾਗ ਦੇ ਮੁਖੀ ਡਾ. ਪੀ.ਐਸ.ਸੰਧੂ ਨੇ ਇਸ ਤਰ੍ਹਾਂ ਦੇ ਪੌਦਿਆਂ ਬਾਰੇ ਕਿਹਾ ਕਿ ਜਿਨ੍ਹਾਂ ਦੇ ਇਹ ਲੱਛਣ ਨਜ਼ਰ ਆਉਣ ਨਜ਼ਦੀਕੀ ਕਿ੍ਸ਼ੀ ਵਿਗਿਆਨ ਕੇਂਦਰ ਜਾਂ ਪੀ.ਏ.ਯ.ੂ ਨੂੰ ਸੂਚਿਤ ਕਰ ਸਕਦੇ ਹਨ | ਡਾ. ਕੇ. ਐਸ. ਸੂਰੀ, ਪ੍ਰਮੁੱਖ ਕੀਟ ਵਿਗਿਆਨੀ ਪੀ.ਏ.ਯੂ. ਨੇ ਕਿਹਾ ਕਿ ਝੋਨੇ ਦੀ ਫ਼ਸਲ ਦਾ ਸਮੇਂ-ਸਮੇਂ ਸਿਰ ਨਿਰੀਖਣ ਕਰਦੇ ਰਹੋ | ਟਿੱਡੇ ਦੀ ਆਮਦ ਵੇਖਣ ਲਈ ਰਾਤ ਨੂੰ ਪਨੀਰੀ/ਖੇਤ ਨੇੜੇ ਬਲਬ ਜਗਾ ਕੇ ਰੱਖੋ | ਜੇਕਰ ਟਿੱਡੇ ਦੀ ਆਮਦ ਨਜ਼ਰ ਆਉਂਦੀ ਹੈ ਤਾਂ ਕਿਸੇ ਵੀ ਕੀਟਨਾਸ਼ਕ ਜਿਵੇਂ ਕਿ 94 ਮਿ.ਲਿ. ਪੈਕਸਾਲੋਨ 10 ਐਸ.ਸੀ. ਜਾਂ 60 ਗ੍ਰਾਮ ਉਲਾਲਾ 50 ਡਬਲਯੂ.ਜੀ. ਜਾਂ 80 ਗ੍ਰਾਮ ਓਸ਼ੀਨ/ਟੋਕਨ/ਡੋਮਿਨੇਂਟ 20 ਐਸ.ਜੀ. ਜਾਂ 120 ਗ੍ਰਾਮ ਚੈਸ 50 ਡਬਲਯੂ.ਜੀ. ਜਾਂ 400 ਮਿ.ਲਿ. ਆਰਕੈਸਟਰਾ 10 ਐਸ.ਸੀ. ਜਾਂ 300 ਮਿ.ਲਿ. ਇਮੇਜਿਨ 10 ਐਸ.ਸੀ. ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲੀਟਰ ਪਾਣੀ ਵਿਚ ਘੋਲ ਕੇ ਬੂਟਿਆਂ ਦੇ ਮੁੱਢਾਂ 'ਤੇ ਛਿੜਕਾਅ ਕਰੋ |