ਭੀਖੀ, 19 ਜੁਲਾਈ (ਬਲਕਾਰ ਸਿੰਘ ਸਹੋਤਾ)-ਸਰਕਾਰੀ ਪ੍ਰਾਇਮਰੀ ਸਕੂਲ ਸਮਾਉਂ (ਈ. ਜੀ. ਐਸ.) ਦੇ ਵਿਦਿਆਰਥੀਆਂ ਨੂੰ ਸ਼ੁੱਧ ਤੇ ਠੰਢਾ ਪਾਣੀ ਮੁਹੱਈਆ ਕਰਵਾਉਣ ਲਈ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵਲੋਂ ਆਰ. ਓ. ਸਿਸਟਮ ਤੇ ਵਾਟਰ ਕੂਲਰ ਭੇਟ ਕੀਤਾ | ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਸਕੂਲ 'ਚ ਸ਼ੁੱਧ ਪਾਣੀ ਦੀ ਵੱਡੀ ਸਮੱਸਿਆ ਸੀ ਅਤੇ ਗਰਮੀ ਦੇ ਮੌਸਮ 'ਚ ਬੱਚਿਆਂ ਨੂੰ ਪੀਣ ਲਈ ਠੰਢਾ ਪਾਣੀ ਵੀ ਨਸੀਬ ਨਹੀਂ ਹੁੰਦਾ ਸੀ | ਸਾਬਕਾ ਵਿਧਾਇਕ ਨੇ ਦੱਸਿਆ ਕਿ ਸਕੂਲ ਮੈਨੇਜਮੈਂਟ ਕਮੇਟੀ ਤੇ ਪਿੰਡ ਦੇ ਮੁਹਤਬਰ ਵਿਅਕਤੀਆਂ ਵਲੋਂ ਵਿਦਿਆਰਥੀਆਂ ਲਈ ਪੀਣ ਵਾਲੇ ਸ਼ੁੱਧ ਪਾਣੀ ਲਈ ਬੇਨਤੀ ਕੀਤੀ ਗਈ ਸੀ | ਵਿਦਿਆਰਥੀਆਂ ਦੀ ਸਮੱਸਿਆ ਨੂੰ ਧਿਆਨ 'ਚ ਰੱਖਦਿਆਂ ਉਨ੍ਹਾਂ ਵਲੋਂ ਆਰ. ਓ. ਸਿਸਟਮ ਤੇ ਵਾਟਰ ਕੂਲਰ ਦਾ ਪ੍ਰਬੰਧ ਕੀਤਾ ਗਿਆ | ਸਕੂਲ ਮੁਖੀ ਹਰਜਿੰਦਰ ਸਿੰਘ ਅਨੂਪਗੜ੍ਹ ਨੇ ਸ: ਮਾਨਸ਼ਾਹੀਆ ਦਾ ਇਸ ਉੱਦਮ ਲਈ ਧੰਨਵਾਦ ਕੀਤਾ | ਸਕੂਲ ਮੈਨੇਜਮੈਂਟ ਕਮੇਟੀ, ਵਿਦਿਆਰਥੀਆਂ ਦੇ ਮਾਪਿਆਂ ਤੇ ਸਟਾਫ਼ ਵਲੋਂ ਮਾਨਸ਼ਾਹੀਆ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਦਿੱਤਾ ਗਿਆ | ਇਸ ਮੌਕੇ ਗੋਰਾ ਸਿੰਘ ਨੰਬਰਦਾਰ, ਪਰਗਟ ਸਿੰਘ ਚਹਿਲ, ਬਲਵਿੰਦਰ ਸਿੰਘ ਗੋਸ਼ਾ, ਗੁਲਜ਼ਾਰ ਸਿੰਘ ਪਟਵਾਰੀ, ਭੋਲਾ ਸਿੰਘ ਤੇ ਬਲਦੇਵ ਸਿੰਘ ਪੰਚ, ਰਣ ਸਿੰਘ ਚੇਅਰਮੈਨ, ਰਾਜਵਿੰਦਰ ਸਿੰਘ ਮੀਰ, ਕਿਰਨਾਂ ਰਾਣੀ, ਜਗਦੀਪ ਸਿੰਘ, ਹਰਵਿੰਦਰ ਸਿੰਘ, ਮਨਦੀਪ ਕੁਮਾਰ, ਅਮਨਦੀਪ ਕੌਰ, ਕਮਲਜੀਤ ਸਿੰਘ ਸਮਾਉਂ ਆਦਿ ਹਾਜ਼ਰ ਸਨ |