ਬੋਹਾ, 16 ਜੁਲਾਈ (ਰਮੇਸ਼ ਤਾਂਗੜੀ)-ਵੱਡੀ ਆਬਾਦੀ ਵਾਲੇ ਕਸਬਾ ਬੋਹਾ ਵਿਖੇ ਵਾਰਡ ਨੰਬਰ-11 'ਚ ਪੈਂਦੇ ਦੁਰਗਾ ਮੰਦਰ ਤੇ ਹੋਰ ਮੰਦਰਾਂ, ਸਰਕਾਰੀ ਕੰਨਿਆ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ, ਸੁਵਿਧਾ ਕੇਂਦਰ ਅਤੇ ਦਫ਼ਤਰ ਨਗਰ ਪੰਚਾਇਤ ਸਮੇਤ ਹੋਰ ਕਈ ਅਦਾਰਿਆਂ 'ਚ ਆਉਣ-ਜਾਣ ਵਾਲੇ ਸਕੂਲੀ ਬੱਚਿਆਂ, ਕੁੜੀਆਂ, ਮੰਦਰਾਂ 'ਚ ਨਤਮਸਤਕ ਹੋਣ ਵਾਲੇ ਲੋਕਾਂ ਤੇ ਖ਼ਾਸ ਕਰ ਕੇ ਔਰਤਾਂ ਨੇ ਮੰਗ ਕੀਤੀ ਹੈ ਕਿ ਬੋਹਾ-ਗਾਦੜਾਂ ਬੱਸ ਅੱਡਾ ਸੜਕ 'ਤੇ ਮੰਦਰਾਂ ਦੇ ਸਾਹਮਣੇ ਥੋੜ੍ਹੀ ਜਿਹੀ ਥਾਂ 'ਚ ਗਊ ਸਥਾਨ 'ਤੇ ਪਸ਼ੂ ਘਰ ਬਣਾਇਆ ਹੋਇਆ ਹੈ | ਮੋਨਿਕਾ ਰਾਣੀ, ਅਮਨਦੀਪ ਕੌਰ, ਊਸ਼ਾ ਰਾਣੀ ਐੱਮ.ਸੀ. ਵਾਰਡ ਨੰਬਰ 11, ਕਸ਼ਮੀਰੀ ਲਾਲ, ਕਿਰਨਾ ਰਾਣੀ, ਪ੍ਰਵੀਨ ਲਤਾ, ਮਨੋਜ ਕੁਮਾਰ ਆਦਿ ਲੋਕਾਂ ਨੇ ਦੱਸਿਆ ਕਿ ਅਕਸਰ ਹੀ ਵੱਡੀ ਗਿਣਤੀ 'ਚ ਲੋਕ ਮੰਦਰਾਂ 'ਚ ਮੱਥਾ ਟੇਕਣ ਲਈ ਆਉਂਦੇ ਹਨ | ਅਨੇਕਾਂ ਔਰਤਾਂ ਦੇ ਝੁੰਡ ਸਮੇਤ ਬੱਚੇ ਅਤੇ ਨਜ਼ਦੀਕੀ ਕੰਨਿਆ ਸੈਕੰਡਰੀ ਸਕੂਲ 'ਚ ਪੜ੍ਹਦੀਆਂ 6ਵੀਂ ਤੋਂ 12ਵੀਂ ਜਮਾਤ ਤੱਕ ਦੀਆਂ 600 ਤੋਂ ਵੱਧ ਕੁੜੀਆਂ ਅਤੇ ਪ੍ਰਾਇਮਰੀ ਸਕੂਲ ਬੋਹਾ ਬਾਜ਼ਾਰ ਪੜ੍ਹਨ ਜਾਂਦੇ ਬੱਚੇ ਸਵੇਰੇ ਹੀ ਇੱਥੋਂ ਲੰਘਦੇ ਹਨ | ਇੱਥੇ ਸੜਕਾਂ 'ਤੇ ਬਣਿਆ ਗਊ ਪਸ਼ੂ ਘਰ ਕੋਲ ਅਵਾਰਾ ਪਸ਼ੂ ਵੱਡੀ ਗਿਣਤੀ 'ਚ ਇਕੱਠੇ ਹੋਏ ਹੁੰਦੇ ਹਨ | ਇਨ੍ਹਾਂ ਲੋਕਾਂ ਦੇ ਹੱਥਾਂ 'ਚ ਬਰਤਨ, ਡੱਬੇ, ਪ੍ਰਸ਼ਾਦ ਆਦਿ ਵੇਖਣ ਮਗਰੋਂ ਇਹ ਪਸ਼ੂ ਲੋਕਾਂ ਮਗਰ ਪੈ ਜਾਂਦੇ ਹਨ | ਕਈ ਲੋਕ ਤਾਂ ਭਾਵੇਂ ਸਵੇਰੇ ਬਾਹਰ ਅੰਦਰ ਆਉਣ ਵੇਲੇ ਰਾਤ ਦੀਆਂ ਬੇਹੀਆਂ ਰੋਟੀਆਂ ਨਾਲ ਲੈ ਕੇ ਟੱਪਦੇ ਹਨ ਤਾਂ ਤੇਜ਼ ਸੁਗੰਧ ਵਾਲੇ ਪਸ਼ੂ ਪਿੱਛੋਂ ਉਨ੍ਹਾਂ 'ਤੇ ਹਮਲਾ ਕਰ ਦਿੰਦੇ ਹਨ | ਲੋਕਾਂ ਦਾ ਕਹਿਣਾ ਹੈ ਕਿ ਕਸਬੇ 'ਚ ਸਨਾਤਨ ਧਰਮ ਗਊਸ਼ਾਲਾ ਲੰਬੇ ਸਮੇਂ ਤੋਂ ਚੱਲ ਰਹੀ ਹੈ | ਫਿਰ ਵੀ ਪਸ਼ੂ ਗਲੀਆਂ, ਬਾਜ਼ਾਰਾਂ ਵਿਚ ਘੁੰਮਦੇ ਵੇਖੇ ਜਾਂਦੇ ਹਨ | ਇਨ੍ਹਾਂ ਵਿਚ ਗਊਆਂ, ਵੱਛੀਆਂ, ਵੱਛੇ ਵੀ ਸ਼ਾਮਿਲ ਹੁੰਦੇ ਹਨ | ਦੇਰ ਰਾਤ ਤੱਕ ਅਤੇ ਕੁਝ ਸਵੇਰੇ ਇਹ ਪਸ਼ੂ ਇੱਥੇ ਜਮਾਂ ਹੋ ਜਾਂਦੇ ਹਨ | ਭਾਵੇਂ ਕੁਝ ਲੋਕ ਇਨ੍ਹਾਂ ਪਸ਼ੂਆਂ ਨੂੰ ਹਰਾ ਚਾਰਾ ਵੀ ਪਾਉਂਦੇ ਹਨ ਪਰ ਪਸ਼ੂ ਘਰ ਦਾ ਕੋਈ ਵਿਸ਼ੇਸ਼ ਪ੍ਰਬੰਧਕ ਨਹੀਂ ਹੈ | ਪਸ਼ੂਆਂ ਦੇ ਲੜਨ ਅਤੇ ਭੱਜ ਨੱਠ ਕਰਨ ਕਰ ਕੇ ਲੋਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ | ਵਾਰਡ ਨੰਬਰ-11 ਦੇ ਵਿਚਕਾਰ ਪੈਂਦੇ ਇਸ ਪਸ਼ੂ ਘਰ ਨੂੰ ਬੰਦ ਕਰ ਕੇ ਪਸ਼ੂਆਂ ਨੂੰ ਗਊਸ਼ਾਲਾ 'ਚ ਲਿਜਾਇਆ ਜਾਵੇ | ਜੇਕਰ ਦਾਨ ਕੀਤੀ ਜਗ੍ਹਾ ਵਿਚ ਇਸ ਨੂੰ ਚਲਾਉਣਾ ਹੈ ਤਾਂ ਢੁਕਵਾਂ ਪ੍ਰਬੰਧ ਕੀਤਾ ਜਾਵੇ | ਲੋਕਾਂ ਨੇ ਨਗਰ ਪੰਚਾਇਤ ਬੋਹਾ ਦੇ ਈ.ਓ. ਨੂੰ ਵੀ ਲਿਖਤੀ ਪੱਤਰ ਭੇਜ ਕੇ ਮੰਗ ਅਤੇ ਮਸਲਾ ਹੱਲ ਕਰਨ ਦੀ ਮੰਗ ਦੁਹਰਾਈ ਹੈ |