ਸ੍ਰੀ ਮੁਕਤਸਰ ਸਾਹਿਬ, 8 ਦਸੰਬਰ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਫ਼ਾਜ਼ਿਲਕਾ ਖੇਤਰ 'ਚ ਹੜ੍ਹ ਪੀੜਤ ਕਿਸਾਨਾਂ ਨੂੰ ਕਣਕ ਦਾ ਬੀਜ ਵੰਡ ਕੇ ਪਰਤਦਿਆਂ ਆਪਣੀ ਜਾਨ ਲਗਾ ਗਏ ਜਥੇਬੰਦੀ ਦੇ ਕੋਟਕਪੂਰਾ ਬਲਾਕ ਦੇ ਆਗੂ ਹਰਜੀਤ ਸਿੰਘ ਕੋਟਕਪੂਰਾ ਦੇ ਪਰਿਵਾਰ ਲਈ 10 ਲੱਖ ਰੁਪਏ ਦਾ ਮੁਆਵਜ਼ਾ, ਸਾਰਾ ਕਰਜ਼ਾ ਮੁਆਫ਼ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿਵਾਉਣ ਅਤੇ ਗੰਭੀਰ ਜ਼ਖ਼ਮੀ ਬਲਵੰਤ ਸਿੰਘ ਨੰਗਲ ਦੇ ਮੁਕੰਮਲ ਇਲਾਜ ਲਈ ਮੁਆਵਜ਼ੇ ਦੀਆਂ ਮੰਗਾਂ ਨੂੰ ਲੈ ਕੇ ਪਿਛਲੇ 20 ਦਿਨਾਂ ਤੋਂ ਚੱਲ ਰਿਹਾ ਧਰਨੇ ਦੇ ਅੱਜ 21ਵੇਂ ਦਿਨ ਸਰਕਾਰ ਤੇ ਪ੍ਰਸ਼ਾਸਨ ਵਲੋਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ | ਸਰਕਾਰ ਵਲੋਂ ਡੀ.ਆਈ.ਜੀ. ਫ਼ਰੀਦਕੋਟ ਤੇ ਡੀ.ਸੀ. ਸ੍ਰੀ ਮੁਕਤਸਰ ਸਾਹਿਬ ਨਾਲ ਜਥੇਬੰਦੀ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਤੇ ਸੂਬਾਈ ਆਗੂ ਰੂਪ ਸਿੰਘ ਛੰਨਾ, ਸਥਾਨਕ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਅਬਲੂ, ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਨੱਥਾ ਸਿੰਘ ਰੋੜੀ ਕਪੂਰਾ ਤੇ ਨਿਰਮਲ ਸਿੰਘ ਜਿਉਣਵਾਲਾ ਨਾਲ ਹੋਈ ਮੀਟਿੰਗ ਵਿਚ ਜਥੇਬੰਦੀ ਵਲੋਂ ਰੱਖੀਆਂ ਗਈਆਂ ਸਾਰੀਆਂ ਮੰਗਾਂ ਪ੍ਰਵਾਨ ਕੀਤੀਆਂ ਗਈਆਂ | ਕਿਸਾਨ ਆਗੂ ਹਰਜੀਤ ਸਿੰਘ ਕੋਟਕਪੂਰਾ ਦੇ ਪਰਿਵਾਰ ਲਈ 10 ਲੱਖ ਰੁਪਏ ਦਾ ਚੈੱਕ ਦੇਣ ਦੇ ਨਾਲ-ਨਾਲ ਪਰਿਵਾਰ ਦਾ ਕਰਜ਼ਾ ਪੜਤਾਲ ਉਪਰੰਤ ਮੁਆਫ਼ ਕਰਨ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਲਈ ਸਰਕਾਰ ਨੂੰ ਸਿਫ਼ਾਰਸ਼ ਕਰਨ ਤੇ ਗੰਭੀਰ ਜ਼ਖ਼ਮੀ ਆਗੂ ਬਲਵੰਤ ਸਿੰਘ ਨੰਗਲ ਦੇ ਇਲਾਜ ਦਾ ਸਾਰਾ ਖ਼ਰਚਾ ਪ੍ਰਸ਼ਾਸਨ ਵਲੋਂ ਅਦਾ ਕਰਨ ਦੇਣ ਦੀਆਂ ਮੰਗਾਂ ਪ੍ਰਵਾਨ ਹੋਣ ਉਪਰੰਤ ਸੂਬਾਈ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਕਿਸਾਨਾਂ ਨੂੰ ਜੁੜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪ੍ਰਸ਼ਾਸਨ ਵਲੋਂ ਮੰਗਾਂ ਪ੍ਰਵਾਨ ਕਰਨ ਉਪਰੰਤ ਮੰਗਾਂ ਪੂਰੀ ਤਰ੍ਹਾਂ ਲਾਗੂ ਹੋਣ ਤੱਕ ਧਰਨਾ ਜਾਰੀ ਰਹੇਗਾ | ਇਸ ਮੌਕੇ ਗੁਰਮੀਤ ਸਿੰਘ ਬਿੱਟੂ ਮੱਲਣ, ਜਸਵੀਰ ਸਿੰਘ ਘਾਲੀ, ਰਾਜਾ ਸਿੰਘ ਮਹਾਂਬੱਧਰ, ਹਰਫੂਲ ਸਿੰਘ ਭਾਗਸਰ, ਅਜਾਇਬ ਸਿੰਘ ਮੱਲਣ, ਜਸਵੀਰ ਸਿੰਘ ਦੋਦਾ, ਬਿੱਕਰ ਸਿੰਘ ਭਲਾਈਆਣਾ, ਕੁਲਬੀਰ ਸਿੰਘ ਭਾਗਸਰ, ਤਰਸੇਮ ਸਿੰਘ ਖੁੰਡੇ ਹਲਾਲ ਸਮੇਤ ਆਦਿ ਮੌਜੂਦ ਸਨ |