ਗਿੱਦੜਬਾਹਾ, 8 ਦਸੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਵਿਖੇ ਰੇਲਵੇ ਪ੍ਰਾਜੈਕਟ ਨੂੰ ਕੇਂਦਰ ਸਰਕਾਰ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ | ਇਹ ਜਾਣਕਾਰੀ ਦਿੰਦਿਆਂ ਭਾਜਪਾ ਆਗੂ ਪਿ੍ਤਪਾਲ ਸ਼ਰਮਾ ਨੇ ਦੱਸਿਆ ਕਿ ਇਕ ਵਰ੍ਹਾ ਪਹਿਲਾਂ ਗਿੱਦੜਬਾਹਾ ਦੀ ਜ਼ਿਮਨੀ ਚੋਣ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸਾਹਮਣੇ ਗਿੱਦੜਬਾਹਾ ਪਿੰਡ ਵਾਸੀਆਂ ਵਲੋਂ ਅੰਡਰਬਿ੍ਜ ਤੇ ਹਲਕਾ ਵਾਸੀਆਂ ਵਲੋਂ ਓਵਰਬਿ੍ਜ ਬਣਾਉਣ ਦੀ ਮੰਗ ਰੱਖੀ ਗਈ ਸੀ, ਜਿਸ ਨੂੰ ਹੁਣ ਕੇਂਦਰ ਸਰਕਾਰ ਵਲੋਂ ਮਨਜ਼ੂਰ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ 80 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਉਕਤ ਦੋਵੇਂ ਪੁਲਾਂ ਦਾ ਕੰਮ ਜਲਦੀ ਹੀ ਚਾਲੂ ਕੀਤਾ ਜਾ ਰਿਹਾ ਹੈ | ਅੰਡਰਬਿ੍ਜ ਤਾਂ 6 ਕੁ ਮਹੀਨਿਆਂ 'ਚ ਹੀ ਬਣ ਕੇ ਤਿਆਰ ਕੀਤਾ ਜਾਵੇਗਾ ਤੇ ਓਵਰਬਿ੍ਜ ਬਣ ਕੇ ਤਿਆਰ ਹੋਣ 'ਚ 2 ਕੁ ਸਾਲ ਲੱਗ ਸਕਦੇ ਹਨ | ਉਨ੍ਹਾਂ ਦਾ ਕਹਿਣਾ ਹੀ ਕਿ ਗਿੱਦੜਬਾਹਾ ਹਲਕਾ ਵਾਸੀਆਂ ਦੀ ਚਿਰਾਂ ਦੀ ਲਟਕਦੀ ਆ ਰਹੀ ਇਸ ਮੰਗ ਨੂੰ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਯਤਨਾਂ ਸਦਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਰੇਲ ਮੰਤਰੀ ਵਲੋਂ ਬੜੇ ਹੀ ਥੋੜੇ੍ਹ ਸਮੇਂ ਵਿਚ ਮਨਜ਼ੂਰੀ ਦੇ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਉਕਤ ਪੁਲਾਂ ਦੇ ਪ੍ਰਾਜੈਕਟ 'ਤੇ ਲੱਗਣ ਵਾਲਾ ਸਾਰਾ ਪੈਸਾ ਕੇਂਦਰ ਸਰਕਾਰ ਵਲੋਂ ਖ਼ਰਚਿਆ ਜਾਵੇਗਾ | ਉਨ੍ਹਾਂ ਹਲਕਾ ਵਾਸੀਆਂ ਵਲੋਂ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ |