ਸ੍ਰੀ ਮੁਕਤਸਰ ਸਾਹਿਬ, 18 ਨਵੰਬਰ (ਰਣਜੀਤ ਸਿੰਘ ਢਿੱਲੋਂ)-ਬੀਤੇ ਦਿਨੀਂ ਬਠਿੰਡਾ ਵਿਖੇ ਕਾਨ੍ਹਾ ਡਾਂਸ ਅਕੈਡਮੀ ਬਠਿੰਡਾ ਵਲੋਂ ਕਰਵਾਏ ਨੈਸ਼ਨਲ ਡਾਂਸ ਚੈਂਪੀਅਨਸ਼ਿਪ ਸੀਜ਼ਨ-2 ਵਿਚ ਫੋਕ ਡਾਂਸ ਗਿੱਧਾ ਸ਼੍ਰੇਣੀ 'ਚ ਸ੍ਰੀ ਮੁਕਤਸਰ ਸਾਹਿਬ ਦੀ 7 ਸਾਲ ਬੱਚੀ ਨਵਗੁਣ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ | ਨਵਗੁਣ ਜੋ ਕਿ ਸ੍ਰੀ ਮੁਕਤਸਰ ਸਾਹਿਬ ਦੇ ਕੋਚ ਰੁਪਿੰਦਰ ਸਿੰਘ ਦੀ ਵਿਦਿਆਰਥਣ ਹੈ | ਨਵਗੁਣ ਨੇ ਰਵਾਇਤੀ ਗਿੱਧੇ ਦੀਆਂ ਅਦਾਵਾਂ, ਤਾਲਮੇਲ ਅਤੇ ਸਟੇਜ ਪ੍ਰਰਫਾਰਮੈਂਸ ਨਾਲ ਜੱਜਾਂ ਨੂੰ ਖ਼ੂਬ ਪ੍ਰਭਾਵਿਤ ਕੀਤਾ | ਮੁਕਾਬਲੇ 'ਚ ਦੇਸ਼ ਦੇ ਕਈ ਰਾਜਾਂ ਤੋਂ ਪ੍ਰਤਿਭਾਸ਼ਾਲੀ ਬੱਚਿਆਂ ਨੇ ਭਾਗ ਲਿਆ, ਜਿਨ੍ਹਾਂ ਵਿਚ ਨਵਗੁਣ ਦਾ ਪ੍ਰਦਰਸ਼ਨ ਖ਼ਾਸ ਤੌਰ 'ਤੇ ਚਮਕਿਆ | ਕੋਚ ਅਤੇ ਪਰਿਵਾਰ ਨੇ ਨਵਗੁਣ ਦੀ ਇਸ ਪ੍ਰਾਪਤੀ ਨੂੰ ਸ੍ਰੀ ਮੁਕਤਸਰ ਸਾਹਿਬ ਲਈ ਮਾਣ ਵਾਲੀ ਪ੍ਰਾਪਤੀ ਦੱਸਿਆ |