ਫ਼ਰੀਦਕੋਟ, 31 ਅਗਸਤ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਰੇਂਜ ਦੇ ਡੀ.ਆਈ.ਜੀ. ਅਸ਼ਵਨੀ ਕਪੂਰ ਆਈ.ਪੀ.ਐਸ ਇਕ ਇਮਾਨਦਾਰ, ਸੂਝਵਾਨ ਅਤੇ ਬੇਹੱਦ ਕਾਬਿਲ ਅਫ਼ਸਰ ਵਜੋਂ ਜਾਣੇ ਜਾਂਦੇ ਸਨ, ਅੱਜ ਪੁਲਿਸ ਫ਼ੋਰਸ ਵਿਚ 35 ਸਾਲ ਦੀ ਸ਼ਾਨਦਾਰ ਸੇਵਾ ਪੂਰੀ ਕਰਨ ਤੋਂ ਬਾਅਦ ਸੇਵਾ ਮੁਕਤ ਹੋਏ | ਉਨ੍ਹਾਂ ਦੀ ਉਤਕਿ੍ਸ਼ਟ ਸੇਵਾ ਦੀ ਮਾਨਤਾ ਵਿਚ ਪੁਲਿਸ ਅਧਿਕਾਰੀਆਂ ਵਲੋਂ ਗਰਮਜੋਸ਼ੀ ਨਾਲ ਵਿਦਾਇਗੀ ਪਾਰਟੀ ਦਿੱਤੀ ਗਈ | ਜਿਸ ਵਿਚ ਡੀ.ਆਈ.ਜੀ ਬਠਿੰਡਾ ਰੇਂਜ ਸਮੇਤ ਫ਼ਰੀਦਕੋਟ ਰੇਂਜ ਅਤੇ ਫ਼ਿਰੋਜ਼ਪੁਰ ਦੇ ਐਸ.ਐਸ.ਪੀ ਸਮੇਤ ਕਈ ਸਾਬਕਾ ਅਧਿਕਾਰੀ ਅਤੇ ਮੌਜੂਦਾ ਪੁਲਿਸ ਕਰਮਚਾਰੀ ਸਮਾਰੋਹ ਵਿਚ ਸ਼ਾਮਿਲ ਹੋਏ | ਅਸ਼ਵਨੀ ਕਪੂਰ ਆਈ.ਪੀ.ਐਸ ਡੀ.ਆਈ.ਜੀ ਫ਼ਰੀਦਕੋਟ ਰੇਂਜ ਨੇ ਕਿਹਾ ਕਿ ਅੱਜ ਮੇਰੇ ਲਈ ਇਹ ਪਲ ਬਹੁਤ ਹੀ ਵਿਸ਼ੇਸ਼ ਅਤੇ ਭਾਵੁਕ ਹਨ | 35 ਸਾਲ ਪਹਿਲਾਂ ਜਦੋਂ ਮੈਂ ਖਾਕੀ ਵਰਦੀ ਪਹਿਨੀ ਸੀ ਉਸ ਸਮੇਂ ਸਿਰਫ਼ ਇਕ ਜਜ਼ਬਾ ਸੀ ਦੇਸ਼ ਅਤੇ ਲੋਕਾਂ ਦੀ ਸੇਵਾ ਕਰਨ ਦਾ | ਅੱਜ ਜਦੋਂ ਮੈਂ ਮੁੜ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਇਹ ਸਫ਼ਰ ਸਿਰਫ਼ ਮੇਰਾ ਨਹੀਂ ਸੀ, ਸਗੋਂ ਹਰ ਉਸ ਸਾਥੀ ਦਾ ਸੀ ਜਿਸਨੇ ਮੇਰਾ ਹੱਥ ਫ਼ੜਿਆ, ਮੇਰੇ ਨਾਲ ਖੜ੍ਹਾ ਰਿਹਾ ਅਤੇ ਮੈਨੂੰ ਆਪਣਾ ਸਰਵੋਤਮ ਦੇਣ ਲਈ ਪ੍ਰੇਰਿਤ ਕੀਤਾ | ਅਸ਼ਵਨੀ ਕਪੂਰ ਇਸ ਤੋਂ ਪਹਿਲਾਂ ਐਸ.ਐਸ.ਪੀ ਤਰਨਤਾਰਨ, ਐਸ.ਐਸ.ਪੀ ਬਟਾਲਾ, ਡਿਪਟੀ ਕਮਿਸ਼ਨਰ ਆਫ਼ ਪੁਲਿਸ ਲੁਧਿਆਣਾ, ਏ.ਆਈ.ਜੀ ਕਾਊਾਟਰ ਇੰਟੈਲੀਜੈਂਸ ਪਠਾਨਕੋਟ ਸਮੇਤ ਹੋਰ ਵੀ ਕਈ ਅਹਿਮ ਅਹੁਦਿਆਂ 'ਤੇ ਤਾਇਨਾਤ ਰਹੇ | ਉਨ੍ਹਾਂ ਫ਼ਰੀਦਕੋਟ, ਰੋਪੜ, ਤਰਨਤਾਰਨ ਅਤੇ ਕਈ ਹੋਰ ਜ਼ਿਲਿ੍ਹਆਂ ਵਿਚ ਕਈ ਹਾਈ-ਪ੍ਰੋਫ਼ਾਈਲ ਕੇਸ ਹੱਲ ਕੀਤੇ | ਸ੍ਰੀ ਅਸ਼ਵਨੀ ਕਪੂਰ ਨੇ ਆਪਣੇ ਸ਼ਾਨਦਾਰ ਕਰੀਅਰ ਦੌਰਾਨ ਕਈ ਮਹੱਤਵਪੂਰਨ ਸਨਮਾਨ ਹਾਸਿਲ ਕੀਤੇ ਹਨ | ਜ਼ਿਲ੍ਹਾ ਪੁਲਿਸ ਮੁਖੀ ਡਾ. ਪ੍ਰਗਿਆ ਜੈਨ ਨੇ ਫ਼ਰੀਦਕੋਟ ਪੁਲਿਸ ਦੇ ਸਮੂਹ ਪੁਲਿਸ ਅਧਿਕਾਰੀਆਂ ਸਮੇਤ ਡੀ.ਆਈ.ਜੀ ਸਾਹਿਬ ਨੂੰ ਫ਼ਰੀਦਕੋਟ ਜ਼ਿਲੇ੍ਹ ਨੂੰ ਦਿੱਤੀਆਂ ਬੇਮਿਸਾਲ ਸੇਵਾਵਾਂ ਅਤੇ ਯੋਗ ਅਗਵਾਈ ਲਈ ਧੰਨਵਾਦ ਕਰਦੇ ਹੋਏ ਸਨਮਾਨਿਤ ਕੀਤਾ | ਇਸ ਮੌਕੇ ਡੀ.ਆਈ.ਜੀ ਬਠਿੰਡਾ ਰੇਂਜ ਹਰਜੀਤ ਸਿੰਘ ਆਈ.ਪੀ.ਐਸ, ਦੀਪਕ ਪਾਰਿਕ ਆਈ.ਪੀ.ਐਸ ਐਸ.ਐਸ.ਪੀ ਤਰਨਤਾਰਨ, ਅਜੈ ਗਾਂਧੀ ਆਈ.ਪੀ.ਐਸ ਐਸ.ਐਸ.ਪੀ ਮੋਗਾ, ਭੁਪਿੰਦਰ ਸਿੰਘ ਪੀ.ਪੀ.ਐਸ ਐਸ.ਐਸ.ਪੀ ਫ਼ਿਰੋਜ਼ਪੁਰ, ਗੁਰਮੀਤ ਸਿੰਘ ਪੀ.ਪੀ.ਐਸ ਐਸ.ਐਸ.ਪੀ ਫ਼ਾਜ਼ਿਲਕਾ ਸਮੇਤ ਡੀ.ਸੀ ਫ਼ਰੀਦਕੋਟ ਪੂਨਮਦੀਪ ਕੌਰ, ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਸਮੇਤ ਸਮੂਹ ਪੁਲਿਸ ਅਧਿਕਾਰੀਆਂ ਵਲੋਂ ਅਸ਼ਵਨੀ ਕਪੂਰ ਡੀ.ਆਈ.ਜੀ ਫ਼ਰੀਦਕੋਟ ਰੇਂਜ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਅਸ਼ਵਨੀ ਕਪੂਰ ਨਾਲ ਉਨ੍ਹਾਂ ਦੀ ਪਤਨੀ ਅਨੁਪਮਾ ਕਪੂਰ ਅਤੇ ਬੇਟੀਆਂ ਵੀ ਖਾਸ ਤੌਰ 'ਤੇ ਮੌਜੂਦ ਸਨ | ਸਮਾਗਮ ਦੇ ਅੰਤ ਵਿਚ ਫ਼ਰੀਦਕੋਟ ਰੇਂਜ ਦੇ ਡੀ.ਆਈ.ਜੀ. ਅਸ਼ਵਨੀ ਕਪੂਰ ਨੂੰ ਇਕ ਭਾਵੁਕ ਅਤੇ ਯਾਦਗਾਰ ਵਿਦਾਇਗੀ ਦਿੱਤੀ ਗਈ | ਸਮੂਹ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਉਨ੍ਹਾਂ ਉੱਪਰ ਫੁੱਲਾਂ ਦੀ ਵਰਖਾ ਕੀਤੀ ਗਈ |