ਸ੍ਰੀ ਮੁਕਤਸਰ ਸਾਹਿਬ, 31 ਅਗਸਤ (ਰਣਜੀਤ ਸਿੰਘ ਢਿੱਲੋਂ)-ਪੱਕੇ ਰੁਜ਼ਗਾਰ ਦੀ ਹੱਕੀ ਮੰਗਾਂ ਮਨਵਾਉਣ ਅਤੇ ਵਿਭਾਗ ਵਿਚ ਰੈਗੂਲਰ ਕੀਤੇ ਜਾਣ ਲਈ ਲਗਾਤਾਰ ਸੰਘਰਸ਼ ਕਰ ਰਹੇ ਐਨ.ਐਸ.ਕਿਊ.ਐਫ਼. ਅਧਿਆਪਕ ਆਗੂਆਂ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕਾ ਦਿੜ੍ਹਬਾ ਵਿਖੇ ਬੀਤੇ ਦਿਨੀਂ ਰੈਲੀ ਕਰਨ ਕਰਕੇ ਪੁਲਿਸ ਕੇਸ ਦਰਜ ਕਰਕੇ 10 ਅਧਿਆਪਕਾਂ ਨੂੰ ਸਮੇਤ ਅÏਰਤਾਂ ਜੇਲ੍ਹ ਡੱਕਣ ਦੀ ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰ ਫ਼ਰੰਟ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਪੀੜ੍ਹਤ ਅਧਿਆਪਕਾਂ ਨੂੰ ਬਿਨਾਂ ਕਿਸੇ ਸ਼ਰਤ ਅਤੇ ਦੇਰੀ ਦੇ ਰਿਹਾਅ ਕਰਨ ਦੀ ਮੰਗ ਕੀਤੀ ਹੈ | ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ ਅਤੇ ਜ਼ਿਲ੍ਹਾ ਸਕੱਤਰ ਜੀਵਨ ਸਿੰਘ ਬਧਾਈ ਨੇ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨਾ ਅਧਿਆਪਕਾਂ ਦਾ ਬੁਨਿਆਦੀ ਅਧਿਕਾਰ ਹੈ | ਸੂਬਾ ਸਰਕਾਰ ਪੰਜਾਬ ਸਟੇਟ ਨੂੰ ਪੁਲਿਸ ਸਟੇਟ ਵਜੋਂ ਚਲਾ ਰਹੀ ਹੈ | ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸੇਤੀਆ, ਮੀਤ ਪ੍ਰਧਾਨ ਪਰਮਿੰਦਰ ਸਿੰਘ ਖੋਖਰ ਅਤੇ ਜ਼ਿਲ੍ਹਾ ਵਿੱਤ ਸਕੱਤਰ ਨੀਰਜ਼ ਬਜਾਜ ਨੇ ਦੋਸ਼ ਲਾਇਆ ਕਿ ਵਿਭਾਗ ਵਲੋਂ ਨਿਗੂਣੀਆਂ ਤਨਖਾਹਾਂ ਦੇ ਕੇ ਅਤੇ ਬਰਾਬਰ ਕੰਮ ਬਰਾਬਰ ਤਨਖਾਹ ਦੇ ਅਦਾਲਤੀ ਫ਼ੈਸਲੇ ਨੂੰ ਲਾਗੂ ਨਾ ਕਰਕੇ ਸੰਵਿਧਾਨ ਦੀ ਅਣਦੇਖੀ ਕੀਤੀ ਜਾ ਰਹੀ ਹੈ | ਵਿੱਤ ਮੰਤਰੀ ਇਨ੍ਹਾਂ ਅਧਿਆਪਕਾਂ ਦੀਆਂ ਵਾਜਿਬ ਮੰਗਾਂ ਪੂਰੀਆਂ ਕਰਨ ਦੀ ਥਾਂ ਮੀਟਿੰਗ ਕਰਨ ਤੋਂ ਵੀ ਇਨਕਾਰੀ ਹੈ | ਅਧਿਆਪਕ ਆਗੂਆਂ ਨੇ ਇਨ੍ਹਾਂ ਅਧਿਆਪਕਾਂ ਦੇ ਹੱਕੀ ਸੰਘਰਸ਼ ਦੀ ਡੱਟਵੀਂ ਹਮਾਇਤ ਕਰਦਿਆਂ ਭਵਿੱਖ ਵਿਚ ਕੀਤੇ ਜਾਣ ਵਾਲੇ ਸੰਘਰਸ਼ਾਂ ਵਿਚ ਭਰਵੀਂ ਸ਼ਮੂਲੀਅਤ ਦਾ ਐਲਾਨ ਕੀਤਾ | ਇਸ ਮੌਕੇ ਚਰਨਜੀਤ ਸਿੰਘ ਅਟਵਾਲ, ਰਵਿੰਦਰ ਸਿੰਘ ਰਵੀ, ਰਵੀ ਸ਼ਰਮਾ, ਕੁਲਦੀਪ ਸ਼ਰਮਾ ਖੁੱਡੀਆਂ, ਗੁਰਪ੍ਰੀਤ ਸਿੰਘ ਲੰਬੀ, ਤਰਸੇਮ ਸਿੰਘ ਘੁਮਿਆਰਾ, ਜਸਵਿੰਦਰ ਸਿੰਘ ਖੁੱਡੀਆਂ, ਗੁਰਵਰਿਆਮ ਸਿੰਘ ਸਰਾਵਾਂ, ਕੁਲਵਿੰਦਰ ਸਿੰਘ ਗੁਲਾਬੇਵਾਲਾ, ਰਵਿੰਦਰ ਸਿੰਘ ਗੁਲਾਬੇਵਲਾ, ਸੁਖਜੀਤ ਸਿੰਘ ਥਾਂਦੇਵਾਲਾ, ਨਛੱਤਰ ਸਿੰਘ ਹਰੀਕੇ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਆਗੂ ਹਾਜ਼ਰ ਸਨ |