ਪੰਜਗਰਾੲੀਂ ਕਲਾਂ, 31 ਅਗਸਤ (ਸੁਖਮੰਦਰ ਸਿੰਘ ਬਰਾੜ)-ਪੰਜਗਰਾੲੀਂ ਕਲਾਂ 'ਚ ਸੰਘਣੀ ਆਬਾਦੀ ਅੰਦਰ ਲੱਗੇ ਹੋਏ ਬਿਜਲੀ ਟਾਂਰਸਫਾਰਮਰ ਉੱਪਰ ਅਸਮਾਨੀ ਬਿਜਲੀ ਡਿੱਗਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਸ਼ਾਮ ਪੰਜਗਰਾੲੀਂ ਕਲਾਂ ਦੀ ਸੰਧੂ ਪੱਤੀ 'ਚ ਗੁਰਦੁਆਰਾ ਬਾਬਾ ਬਾਲਾ ਜੀ ਨੂੰ ਜਾਣ ਵਾਲੀ ਸੜਕ ਦੇ ਮੋੜ 'ਤੇ ਲੱਗੇ ਬਿਜਲੀ ਦੇ ਟਰਾਂਸਫਾਰਮਰ ਉੱਪਰ ਅਚਾਨਕ ਬਿਜਲੀ ਡਿੱਗ ਪਈ | ਜਿਸ ਨਾਲ਼ ਬਿਜਲੀ ਦਾ ਟਰਾਂਸਫਾਰਮਰ ਅੰਦਰੂਨੀ ਤੌਰ 'ਤੇ ਨੁਕਸਾਨਿਆ ਗਿਆ | ਜਿਸ ਕਾਰਨ ਸੰਧੂ ਪੱਤੀ ਬਿਜਲੀ ਦੀ ਸਪਲਾਈ ਪੂਰਨ ਰੂਪ ਵਿਚ ਬੰਦ ਹੋ ਗਈ | ਉਕਤ ਟਰਾਂਸਫਾਰਮਰ ਦੇ ਨਜ਼ਦੀਕ ਬਣੇ ਤਖ਼ਤਪੋਸ਼ 'ਤੇ ਬੈਠੇ ਵਿਅਕਤੀਆਂ ਨੇ ਦੱਸਿਆ ਕਿ ਅਚਾਨਕ ਮੌਸਮ 'ਚ ਆਈ ਤਬਦੀਲੀ ਕਾਰਨ ਹਲਕੀ ਬਾਰਿਸ਼ ਦੇ ਸ਼ੁਰੂ ਹੁੰਦਿਆਂ ਹੀ ਅਸਮਾਨੀ ਬਿਜਲੀ ਟਰਾਂਸਫਾਰਮਰ ਦੇ ਉੱਪਰ ਆ ਡਿੱਗੀ , ਜਿਸ ਨਾਲ ਜ਼ੋਰਦਾਰ ਧਮਾਕਾ ਹੋਇਆ ਤੇ ਉਨ੍ਹਾਂ ਨੂੰ ਕੁਝ ਪਲਾਂ ਲਈ ਸੁਣਨਾ ਬੰਦ ਹੋ ਗਿਆ ਪ੍ਰੰਤੂ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਇਸ ਸਬੰਧੀ ਜੇ.ਈ. ਹਰਇੰਦਰ ਸਿੰਘ ਅਤੇ ਸੰਜੀਵ ਕੁਮਾਰ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਸਮਾਨੀ ਬਿਜਲੀ ਡਿੱਗਣ ਕਾਰਨ ਖ਼ਰਾਬ ਹੋਏ ਟਰਾਂਸਫਾਰਮਰ ਨੂੰ ਬਦਲ ਕੇ ਸਪਲਾਈ ਚਾਲੂ ਕਰ ਦਿੱਤੀ ਗਈ ਹੈ |