ਮਲੋਟ, 21 ਜੁਲਾਈ (ਅਜਮੇਰ ਸਿੰਘ ਬਰਾੜ)-ਪਿੰਡ ਸ਼ੇਖੂ ਦੇ ਸਰਕਾਰੀ ਮਿਡਲ ਸਕੂਲ 'ਚ ਇਕ ਹਫ਼ਤੇ 'ਚ ਦੂਜੀ ਵਾਰ ਚੋਰੀ ਹੋ ਗਈ ਹੈ | ਸਰਕਾਰ ਸਰਕਾਰੀ ਸਕੂਲਾਂ ਵਿਚ ਏ. ਸੀ. ਲਗਾ ਰਹੀ ਹੈ ਅਤੇ ਉੱਧਰ ਚੋਰ ਸਿਲੰਡਰ ਤੇ ਡੱਬਿਆਂ 'ਚ ਪਈ ਖੰਡ, ਚਾਹ, ਪੱਤੀ ਤੇ ਹੋਰ ਸਾਮਾਨ ਨਹੀਂ ਛੱਡ ਰਹੇ | ਪਿੰਡ ਸ਼ੇਖੂ ਦੇ ਸਰਪੰਚ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮਿਡਲ ਸਕੂਲ ਵਿਖੇ 14 ਜੁਲਾਈ ਨੂੰ ਚੋਰੀ ਹੋ ਗਈ | ਉਨ੍ਹਾਂ ਜਾ ਕੇ ਦੇਖਿਆ ਕਿ ਸਾਮਾਨ ਖਿਲਰਿਆ ਪਿਆ ਹੈ ਤੇ ਤਾਲਾ ਟੁੱਟਿਆ ਹੋਇਆ ਹੈ | ਸੱਬਲ ਨਾਲ ਚੋਰਾਂ ਨੇ ਸੈਂਟਰ ਵਾਲਾ ਤਾਲਾ ਵੀ ਤੋੜ ਦਿੱਤਾ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਸਿਟੀ ਮਲੋਟ ਨੂੰ ਇਤਲਾਹ ਵੀ ਦਿੱਤੀ ਗਈ ਤੇ ਉਨ੍ਹਾਂ ਨੇ ਕਾਰਵਾਈ ਕਰਨ ਦਾ ਵੀ ਭਰੋਸਾ ਦਿਵਾਇਆ, ਪਰ ਵਾਰ-ਵਾਰ ਜਾਣ 'ਤੇ ਵੀ ਪੁਲਿਸ ਕਾਰਵਾਈ ਕਰਨ ਵਾਲੇ ਮੁਲਾਜ਼ਮ ਨੇ ਕੋਈ ਧਿਆਨ ਨਹੀਂ ਦਿੱਤਾ | ਸਰਪੰਚ ਨੇ ਕਿਹਾ ਉਹ, ਮੁਹਤਬਰ ਵਿਅਕਤੀ ਹਰਨੇਕ ਸਿੰਘ ਬਰਾੜ ਤੇ ਹੋਰ ਵਿਅਕਤੀ ਵੀ ਥਾਣੇ ਗਏ, ਪਰ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ | ਇਥੋਂ ਤੱਕ ਕਿ ਉਨ੍ਹਾਂ ਨੇ ਕਿਹਾ ਕਿ ਉਹ ਚੋਰਾਂ ਦੇ ਨਾਂਅ ਤੱਕ ਵੀ ਜਾਣਦੇ ਹਨ ਤੇ ਬੀਤੀ ਰਾਤ 20 ਜੁਲਾਈ ਦੀ ਰਾਤ ਨੂੰ ਚੋਰ ਫ਼ਿਰ ਧਾਵਾ ਬੋਲ ਗਏ | ਸਕੂਲ ਦੇ ਇੰਚਾਰਜ ਤੇ ਪੰਜਾਬੀ ਅਧਿਆਪਕ ਦਵਿੰਦਰ ਕੁਮਾਰ ਨੇ ਦੱਸਿਆ ਕਿ 14 ਜੁਲਾਈ ਤੋਂ ਬਾਅਦ ਇਕ ਹਫ਼ਤੇ ਬਾਅਦ ਹੀ ਉਨ੍ਹਾਂ ਦੇ ਸਕੂਲ 'ਚ ਫ਼ਿਰ ਚੋਰੀ ਹੋ ਗਈ | ਪਾਣੀ ਭਰਨ ਵਾਲੀ ਮੋਟਰ, ਕੁੱਕਰ ਤੇ ਗਰੋਸਰੀ ਦਾ ਹੋਰ ਸਾਮਾਨ ਜੋ ਲਗਪਗ ਸਵਾ ਲੱਖ ਰੁਪਏ ਤੱਕ ਬਣਦਾ ਹੈ, ਚੋਰ ਲੈ ਗਏ | ਅੱਜ ਫ਼ਿਰ ਉਨ੍ਹਾਂ ਨੇ ਸਵੇਰੇ 8 ਵਜੇ ਪੁਲਿਸ ਨੂੰ ਇਸ ਸੰਬੰਧੀ ਸੂਚਿਤ ਕੀਤਾ, ਪਰ ਢਾਈ-ਤਿੰਨ ਘੰਟੇ ਬੀਤਣ ਬਾਅਦ ਪਹੁੰਚੀ ਹੈ | ਸਾਬਕਾ ਸਰਪੰਚ ਜੱਸੀ ਬਰਾੜ ਤੇ ਹੋਰ ਮੁਹਤਬਰ ਵਿਅਕਤੀਆਂ ਨੇ ਮੌਕੇ 'ਤੇ ਜਾ ਕੇ ਚੋਰੀ ਵਾਲੀ ਥਾਂ ਦਾ ਮੁਆਇਨਾ ਕਰਦਿਆਂ ਫ਼ਿਰ ਮੰਗ ਕੀਤੀ ਕਿ ਪੁਲਿਸ ਇਸ ਮਾਮਲੇ ਵੱਲ ਧਿਆਨ ਦੇਵੇ ਤੇ ਨਿੱਤ ਹੋ ਰਹੀ ਚੋਰੀ ਨੂੰ ਰੋਕੇ ਤਾਂ ਜੋ ਸਕੂਲ ਦਾ ਨੁਕਸਾਨ ਨਾ ਹੋਵੇ | ਜ਼ਿਕਰਯੋਗ ਹੈ ਕਿ ਇਨ੍ਹਾਂ ਸਕੂਲਾਂ 'ਚ ਕੋਈ ਚੌਂਕੀਦਾਰ ਆਦਿ ਨਹੀਂ ਹੈ ਤੇ ਚੋਰ ਸਕੂਲ 'ਚ ਪਈਆਂ ਮੋਟਰਾਂ ਤੋਂ ਲੈ ਕੇ ਲੂਣ-ਮਿਰਚ ਤੱਕ ਨਹੀਂ ਛੱਡ ਰਹੇ, ਤਾਂ ਏ. ਸੀ. ਦੀਆਂ ਰਖਵਾਲੀ ਕੌਣ ਕਰੇਗਾ?