23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਗਿੱਦੜਬਾਹਾ ਵਿਖੇ ਰੇਲਵੇ ਪਟੜੀ ਨੇ ਪਿੰਡ ਤੇ ਸ਼ਹਿਰ ਨੂੰ ਦੋ ਹਿੱਸਿਆਂ 'ਚ ਵੰਡਿਆ

ਅਜੀਤ ਡੈਸਕ 22-07-2025
ਗਿੱਦੜਬਾਹਾ, 21 ਜੁਲਾਈ (ਸ਼ਿਵਰਾਜ ਸਿੰਘ ਬਰਾੜ)-ਦੇਸ਼ ਦੀ ਆਜ਼ਾਦੀ ਦੇ ਅੱਧੀ ਸਦੀ ਤੋਂ ਵੀ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਗਿੱਦੜਬਾਹਾ ਪਿੰਡ ਵਾਸੀ ਅਜੇ ਵੀ ਮੁੱਢਲੀਆਂ ਸਹੂਲਤਾ ਤੋਂ ਸੱਖਣੇ ਹਨ | ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਪਿੰਡ ਵਾਸੀਆਂ ਨੂੰ ਸਿਰਫ਼ ਵਾਅਦੇ ਹੀ ਸੁਣਨ ਨੂੰ ਮਿਲ ਰਹੇ ਹਨ | ਜ਼ਿਕਰਯੋਗ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਕਈ ਦਹਾਕੇ ਪਹਿਲਾਂ ਗਿੱਦੜਬਾਹਾ ਪਿੰਡ ਹੋਂਦ 'ਚ ਆਇਆ ਸੀ ਅਤੇ ਇੱਥੋਂ ਰੂੰ ਦਾ ਵਪਾਰ ਦੇਸ਼ ਭਰ 'ਚ ਮਸ਼ਹੂਰ ਸੀ ਅਤੇ ਇਥੋਂ ਊਠਾਂ ਰਾਹੀਂ ਅਣਵੰਡੇ ਪੰਜਾਬ ਲਾਹੌਰ ਵਿਚ ਰੂੰ ਭੇਜੀ ਜਾਂਦੀ ਸੀ | 1909 ਨੂੰ ਗਿੱਦੜਬਾਹਾ ਸ਼ਹਿਰ ਦੀ ਸਥਾਪਨਾ ਉਪਰੰਤ ਅੰਗਰੇਜ਼ ਸਰਕਾਰ ਵਲੋਂ ਰੇਲਵੇ ਪਟੜੀ ਵਿਛਾਈ ਗਈ, ਜਿਸ ਨੇ ਪਿੰਡ ਤੇ ਸ਼ਹਿਰ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ | ਪਿੰਡ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਡਾਕਘਰ, ਬੈਂਕ, ਏ. ਟੀ. ਐੱਮ., ਜਲਘਰ, ਬਜ਼ੁਰਗਾਂ ਤੇ ਆਮ ਲੋਕਾਂ ਲਈ ਕੋਈ ਪਾਰਕ, ਖੇਡ ਸਟੇਡੀਅਮ, ਲਾਇਬ੍ਰੇਰੀ, ਪਸ਼ੂ ਹਸਪਤਾਲ ਨਹੀਂ ਹੈ | ਸ਼ਹਿਰ ਦੇ ਜਲਘਰ 'ਚੋਂ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ | ਕੁਝ ਸਮੇਂ ਤੋਂ ਪਿੰਡ ਵਾਸੀ ਸੀਵਰੇਜ ਮਿਲਾਵਟ ਵਾਲਾ ਪਾਣੀ ਪੀਣ ਲਈ ਮਜਬੂਰ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਪੀਣ ਵਾਲੇ ਪਾਣੀ ਦੀ ਸਪਲਾਈ ਘੱਟ ਆ ਰਹੀ ਹੈ | ਸਰਕਾਰ ਵਲੋਂ ਪਾਣੀ ਜਮ੍ਹਾਂ ਕਰਨ ਲਈ ਟੈਂਕੀ ਬਣਾਉਣ ਦਾ ਵਾਅਦਾ ਤਾਂ ਕੀਤਾ ਗਿਆ, ਪਰ ਅਜੇ ਅੱਧ ਵਿਚਕਾਰ ਲਟਕ ਰਿਹਾ ਹੈ | ਸੀਵਰੇਜ਼ ਦੇ ਪਾਣੀ ਦੀ ਨਿਕਾਸੀ ਦਾ ਹਾਲ ਮਾੜਾ ਹੈ | ਕਈ ਮੁਹੱਲਿਆਂ 'ਚ ਜਿਵੇਂ ਦਸ ਨੰਬਰ ਵਰਡ 'ਚ ਸਮੱਸਿਆ ਹਰ ਸਮੇਂ ਬਦਤਰ ਰਹਿੰਦੀ ਹੈ | ਪਿੰਡ ਵਾਸੀਆਂ ਦੀ ਰੇਲਵੇ ਅੰਡਰਬਿ੍ਜ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਕਿਸੇ ਵੀ ਸਿਆਸੀ ਆਗੂ ਨੇ ਗੰਭੀਰਤਾ ਨਾਲ ਨਹੀਂ ਲਿਆ | ਉਕਤ ਮੰਗ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਗਿੱਦੜਬਾਹਾ ਦੀ ਜ਼ਿਮਨੀ ਚੋਣ ਦੌਰਾਨ ਲੰਮਾ ਸਮਾਂ ਰੋਸ ਧਰਨਾ ਵੀ ਲਗਾਇਆ ਗਿਆ ਸੀ | ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਅੱਧੇ-ਅੱਧੇ ਘੰਟੇ ਬਾਅਦ ਰੇਲ ਗੱਡੀਆਂ ਦੇ ਆਉਣ-ਜਾਣ ਦਾ ਸਮਾਂ ਹੈ | ਪਿੰਡ ਵਾਸੀ ਜ਼ਰੂਰੀ ਸਾਮਾਨ ਲੈਣ ਤੇ ਹੋਰ ਕੰਮਾਂ ਅਤੇ ਛੋਟੇ-ਛੋਟੇ ਬੱਚੇ ਪੜ੍ਹਾਈ ਲਈ ਸ਼ਹਿਰ 'ਚ ਸਕੂਲ ਲਈ ਜਾਂਦੇ ਹਨ, ਤਾਂ ਉਸ ਸਮੇਂ ਰੇਲਵੇ ਪਟੜੀ ਉਪਰੋਂ ਲੰਘਣ ਸਮੇਂ ਹਾਦਸੇ ਵਾਪਰ ਦਾ ਡਰ ਬਣਿਆ ਰਹਿੰਦਾ ਹੈ | ਲੜਕੀਆਂ ਨੂੰ ਉੱਚ ਸਿੱਖਿਆ ਲਈ ਸ਼ਹਿਰ ਜਾਣਾ ਪੈਂਦਾ ਹੈ ਜੋ ਕਿ ਪੈਦਲ ਲੰਮਾ ਪੈਂਡਾ ਤਹਿ ਕਰਨਾ ਪੈਂਦਾ ਹੈ | ਰੇਲਵੇ ਵਿਭਾਗ ਨੇ ਪੈਦਲ ਜਾਣ ਵਾਲਾ ਰਸਤਾ ਗਾਡਰ ਲਗਾ ਕੇ ਬੰਦ ਕਰ ਦਿੱਤਾ ਹੈ | ਜੇਕਰ ਕੋਈ ਐਮਰਜੈਂਸੀ ਮਰੀਜ਼ ਨੂੰ ਹਸਪਤਾਲ ਲਿਜਾਣਾ ਹੋਵੇ ਤਾਂ ਲੰਮਾ ਸਮਾਂ ਰੇਲਵੇ ਫਾਟਕ ਬੰਦ ਰਹਿੰਦਾ ਹੈ ਅਤੇ ਮਰੀਜ਼ ਦੀ ਸਿਹਤ ਦੇ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ | ਕੋਈ ਪੁਲਿਸ ਚੌਕੀ ਨਹੀਂ ਹੈ | ਪਿੰਡ ਵਾਸੀਆਂ ਦਾ ਕਹਿਣਾ ਹੈ ਪਿੰਡ ਦੀ ਆਬਾਦੀ ਸ਼ਹਿਰ ਨਾਲੋਂ ਵੱਧ ਹੈ | ਨਗਰ ਕੌਂਸਲ ਦੇ ਅੱਧੇ ਤੋਂ ਵੱਧ ਕੌਂਸਲਰ ਪਿੰਡ 'ਚੋਂ ਚੁਣੇ ਜਾਂਦੇ ਹਨ, ਪਰ ਸ਼ਹਿਰ ਵਾਲੀਆਂ ਪੂਰੀਆਂ ਸਹੂਲਤਾਂ ਨਹੀਂ ਮਿਲ ਰਹੀਆਂ | ਉਹ ਆਪਣੇ-ਆਪ ਨੂੰ ਸ਼ਹਿਰ ਨਾਲੋਂ ਕੱਟਿਆ ਸਮਝ ਰਹੇ ਹਨ | ਗਾਇਕ ਗੁਰਦਾਸ ਮਾਨ ਦੇ ਆਪਣੇ ਹੀ ਇਸ ਪਿੰਡ 'ਤੇ ਉਨ੍ਹਾਂ ਵਲੋਂ ਹੀ ਗਾਏ ਗੀਤ ਦੀਆਂ ਸਤਰਾਂ ਇੰਨ-ਬਿੰਨ ਢੁਕ ਰਹੀਆਂ ਹਨ ਕਿ 'ਨਾ ਮੈਂ ਸਹੁਰਿਆਂ ਦੀ ਹੋਈ, ਨਾ ਮੈਂ ਪੇਕਿਆਂ ਦੀ ਹੋਈ |
ਪਿਛਲੀ ਖ਼ਬਰ ਪਿੰਡ ਸ਼ੇਖੂ ਦੇ ਮਿਡਲ ਸਕੂਲ 'ਚ ਹਫ਼ਤੇ 'ਚ ਹੋਈਆਂ ਦੋ ਚੋਰੀਆਂ ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪੁਲਿਸ ਵਲੋਂ ਮੈਡੀਕਲ ਸਟੋਰਾਂ ਦੀ ਚੈਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।