ਫ਼ਰੀਦਕੋਟ, 17 ਜੁਲਾਈ (ਜਸਵੰਤ ਸਿੰਘ ਪੁਰਬਾ)-ਬੀਤੇ ਕੁਝ ਦਿਨਾਂ ਤੋਂ ਲਗਾਤਾਰ ਪੰਜਾਬ ਅੰਦਰ ਬਾਰਿਸ਼ ਹੋ ਰਹੀ ਹੈ, ਜਿਸ ਨਾਲ ਜਿਥੇ ਇਕ ਪਾਸੇ ਵਾਤਾਵਰਨ 'ਚ ਫਰਕ ਪਿਆ ਪਰ ਕਈ ਲੋਕਾਂ ਲਈ ਇਹ ਆਫ਼ਤ ਬਣ ਕੇ ਆਈ ਹੈ | ਇਸ ਦੀਆਂ ਤਾਜ਼ਾ ਤਸਵੀਰਾਂ ਫ਼ਰੀਦਕੋਟ ਜ਼ਿਲੇ੍ਹ ਦੇ ਪਿੰਡ ਮਚਾਕੀ ਖੁਰਦ ਵਿਖੇ ਸਾਹਮਣੇ ਆਈਆਂ ਹਨ | ਜਿਥੇ ਇਕ ਪੰਜਾਬ ਪੁਲਿਸ ਦਾ ਮੁਲਾਜ਼ਮ, ਜਿਸ ਦੀ ਕਿ ਇਕ ਮਹੀਨਾ ਪਹਿਲਾਂ ਮੌਤ ਹੋ ਚੁੱਕੀ ਸੀ ਉਸ ਦੇ ਘਰ ਦੀ ਛੱਤ ਡਿੱਗ ਗਈ ਹੈ | ਹਾਲਾਂਕਿ ਇਸ 'ਚ ਕੋਈ ਜ਼ਖ਼ਮੀ ਨਹੀਂ ਹੋਇਆ ਪਰ ਘਰ ਦਾ ਕਾਫ਼ੀ ਨੁਕਸਾਨ ਹੋ ਗਿਆ | ਇਹ ਘਰ ਕਾਫੀ ਪੁਰਾਣਾ ਸੀ ਅਤੇ ਘਰ ਦੀਆਂ ਛੱਤਾਂ ਦਾ ਬੁਰਾ ਹਾਲ ਸੀ | ਇਸ ਘਰ 'ਚ ਮਾਂ ਤੇ ਪੁੱਤਰ ਦੋਵੇਂ ਹੀ ਰਹਿ ਰਹੇ ਸਨ | ਇਸੇ ਤਰ੍ਹਾਂ ਹੀ ਇਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗੀ ਹੈ | ਉਨ੍ਹਾਂ ਵਲੋਂ ਵੀ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ | ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦਾ ਪਤੀ ਪੰਜਾਬ ਪੁਲਿਸ 'ਚ ਨੌਕਰੀ ਕਰਦਾ ਸੀ ਅਤੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ | ਘਰ ਦੇ ਹਾਲਾਤ ਕੁਝ ਜ਼ਿਆਦਾ ਚੰਗੇ ਨਹੀਂ, ਜਿਹੜੀ ਉਨ੍ਹਾਂ ਕੋਲ ਜ਼ਮੀਨ ਹੈ ਉਹ ਵੀ ਉਨ੍ਹਾਂ ਵਲੋਂ ਠੇਕੇ 'ਤੇ ਦਿੱਤੀ ਹੋਈ ਹੈ | ਘਰ ਦੇ ਦੋ ਕਮਰੇ ਹਨ ਇਕ ਕਮਰੇ ਦੀ ਛੱਤ ਡਿੱਗ ਗਈ ਹੈ ਅਤੇ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ ਪਰ ਉਨ੍ਹਾਂ ਦੇ ਬਚਾਅ ਰਿਹਾ | ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਜਾਂ ਸਰਕਾਰ ਜਾਂ ਕੋਈ ਮਦਦ ਉਨ੍ਹਾਂ ਦੀ ਕਰੇ ਤਾਂ ਜੋ ਉਹ ਆਪਣੀ ਘਰ ਦੇ ਛੱਤ ਪਾ ਸਕਣ | ਇਸ ਮੌਕੇ ਪਿੰਡ ਦੇ ਇਕ ਹੋਰ ਪਰਿਵਾਰ ਨੇ ਦੱਸਿਆ ਕਿ ਉਹ ਦਿਹਾੜੀ ਕਰਦੇ ਹਨ ਪਿਛਲੇ ਦਿਨਾਂ ਵਿਚ ਜੋ ਬਾਰਿਸ਼ ਹੋਈ ਸੀ ਉਸ ਦੌਰਾਨ ਉਨ੍ਹਾਂ ਦੀ ਘਰ ਦੀ ਛੱਤ ਡਿੱਗ ਗਈ ਉਨ੍ਹਾਂ ਦਾ ਸਾਰਾ ਸਾਮਾਨ ਥੱਲੇ ਟੁੱਟ ਗਿਆ ਪਰ ਉਨ੍ਹਾਂ ਦਾ ਬਚਾਅ ਰਿਹਾ | ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਵਲੋਂ ਲਿਖਤੀ ਵੀ ਦਿੱਤਾ ਗਿਆ ਹੈ | ਪਿੰਡ ਦੇ ਸਰਪੰਚ ਮਨਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ ਦੋ ਪਰਿਵਾਰ ਹਨ ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਡਿੱਗੀਆਂ ਹਨ | ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਇਨ੍ਹਾਂ ਦਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਭੇਜਿਆ ਗਿਆ ਹੈ ਉਸ ਸਕੀਮ ਤਹਿਤ ਜਾਂ ਇਨ੍ਹਾਂ ਦੀ ਕੋਈ ਆਰਥਿਕ ਮਦਦ ਕੀਤੀ ਜਾਵੇ |