ਦੋਦਾ, 17 ਜੁਲਾਈ (ਰਵੀਪਾਲ)-ਮੌਨਸੂਨ ਦੀ ਪਹਿਲੀ ਬਾਰਿਸ਼ ਨਾਲ ਪਿੰਡਾਂ ਦੇ ਛੱਪੜ ਜੋ ਕਿ ਮਿੱਟੀ ਨਾਲ ਭਰੇ ਪਏ ਸਨ, ਓਵਰਫ਼ਲੋਅ ਹੋ ਕੇ ਦੋਦਾ ਤੇ ਕਾਉਣੀ 'ਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ | ਲਗਾਤਾਰ ਹੋ ਰਹੀ ਬਰਸਾਤ ਨਾਲ ਪਿੰਡ 'ਚ ਕਿਸਾਨ ਫ਼ਸਲਾਂ ਨੂੰ ਬਚਾਉਣ ਲਈ ਆਪਸ 'ਚ ਆਹਮੋ-ਸਾਹਮਣੇ ਆ ਗਏ ਹਨ, ਜਿਥੇ ਤਕਰਾਰ ਹੋਣ ਦੀ ਸੰਭਾਵਨਾ ਬਣੀ ਹੋਈ ਹੈ | ਦੋਦਾ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਪ੍ਰਸ਼ਾਸਨ ਨੂੰ ਬਾਰਿਸ਼ਾਂ ਤੋਂ ਪਹਿਲਾਂ ਹੀ ਮੀਡੀਆ ਰਾਹੀਂ ਦੱਸਣ ਦੀ ਕੋਸ਼ਿਸ਼ ਕੀਤੀ ਕਿ ਥਾਪਰ ਮਾਡਲ ਪ੍ਰਾਜੈਕਟ ਬਣਾਉਣ ਮੌਕੇ ਠੇਕੇਦਾਰ ਨੇ ਛੱਪੜਾਂ 'ਚ ਰਸਤਾ ਬਣਾਉਣ ਲਈ ਮਿੱਟੀ ਭਰੀ ਸੀ, ਪਰ ਬਾਅਦ 'ਚ ਬਾਹਰ ਨਹੀਂ ਕੱਢੀ ਗਈ, ਜਿਸ ਕਰਕੇ ਛੱਪੜ ਮਿੱਟੀ ਤੇ ਪ੍ਰਾਜੈਕਟ ਕਾਰਨ ਛੋਟੇ ਹੋ ਗਏ ਅਤੇ ਪਾਣੀ ਨਾ ਸਮਾਉਣ ਕਰਕੇ ਓਵਰਫ਼ਲੋ ਹੋ ਗਏ | ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਛੱਪੜ ਦਾ ਪਾਣੀ ਪਾਈਪ ਲਾਈਨ ਨਾਲ ਚੁੱਕਣ ਲਈ ਕਾਰਜ ਚੱਲ ਰਿਹਾ ਸੀ, ਉਹ ਬਹੁਤ ਧੀਮੀ ਚਾਲ ਸੀ ਅਤੇ ਕਈ ਦਿਨ ਕਿਸੇ ਕਾਰਨ ਕਰਕੇ ਬੰਦ ਰਿਹਾ ਹੈ ਅਤੇ ਹੁਣ ਜਦ ਬਾਰਿਸ਼ਾਂ ਨੇ ਜ਼ੋਰ ਫ਼ੜਿਆ ਤਾਂ ਉਹ ਨਵੀਂ ਪਾਈਪ ਲਾਈਨ ਨਹੀਂ ਚੱਲ ਪਾਈ, ਜਿਸ ਕਰਕੇ ਪਿੰਡ ਦੀਆਂ ਸੜਕਾਂ 'ਤੇ ਪਾਣੀ ਭਰ ਗਿਆ | ਨਗਰ ਦੋਦਾ 'ਚ ਦੂਜੇ ਪਾਸੇ ਵਾਲੇ ਵਾਸੀਆਂ ਨੇ ਦੱਸਿਆ ਕਿ ਬੀਤੇ ਦਿਨੀਂ ਹੋਈ ਭਾਰੀ ਬਾਰਿਸ਼ ਨਾਲ ਖਦਰਾਣਾ ਨਾਮਕ ਛੱਪੜ ਓਵਰਫ਼ਲੋ ਹੋ ਕੇ ਸੜਕ ਤੇ ਨਾਲ ਲੱਗਦੇ ਘਰਾਂ ਨਾਲ ਲਗ ਜਾਣ ਕਰਕੇ ਰਸਤਾ ਬੰਦ ਹੋ ਗਿਆ | ਪਿੰਡ ਵਾਸੀਆ ਨੇ ਦੱਸਿਆ ਕਿ ਛੱਪੜ ਦੇ ਪਾਣੀ ਨਾਲ ਡੁੱਬੀ ਨਵੀਂ ਬਣੀ ਸੜਕ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ ਅਤੇ ਗੁਰਦੁਆਰਾ ਨਾਨਕ ਪਾਤਿਸ਼ਾਹੀ ਸਾਹਿਬ ਨੂੰ ਜਾਣ ਲਈ ਸੰਗਤਾਂ ਨੂੰ ਪਾਣੀ ਵਿਚ ਦੀ ਲੰਘਣਾ ਪੈ ਰਿਹਾ ਹੈ ਤੇ ਛੱਪੜ 'ਤੇ ਬਣਿਆ ਥਾਪਰ ਪ੍ਰਾਜੈਕਟ ਵੀ ਪਾਣੀ ਨਾਲ ਭਰ ਗਿਆ ਹੈ | ਗਿਆਨੀ ਸਿੰਘ ਪਰਜਾਪਤ ਤੇ ਦਰਸ਼ਨ ਸਿੰਘ ਨੇ ਦੱਸਿਆ ਕਿ ਛੱਪੜ ਦਾ ਪਾਣੀ ਉਨ੍ਹਾਂ ਦੇ ਘਰਾਂ ਨਾਲ ਆ ਲੱਗਾ ਹੈ, ਜਿਸ ਕਰਕੇ ਸਮੂਹ ਨੇੜਲੇ ਘਰਾਂ ਤੇ ਰਾਹਗੀਰਾਂ ਨੂੰ ਪਾਣੀ ਵਿਚੋਂ ਦੀ ਲੰਘਣਾ ਪੈ ਰਿਹਾ ਹੈ ਅਤੇ ਮੇਨ ਰਸਤਾ ਜ਼ਿਆਦਾ ਪਾਣੀ ਕਾਰਨ ਬੰਦ ਪਿਆ ਹੈ | ਉਨ੍ਹਾਂ ਦੱਸਿਆ ਕਿ ਸਾਰੇ ਪਿੰਡ ਦਾ ਪਾਣੀ ਉਕਤ ਛੱਪੜ 'ਚ ਪੈਂਦਾ ਹੈ, ਜਿਸ ਦੇ ਨਿਕਾਸ ਲਈ ਪਾਈਪ ਲਾਈਨ ਦੁਆਰਾ ਦੋ ਮੋਟਰਾਂ ਚਾਲੂ ਹਨ, ਪਰ ਪੁਰਾਣੀ ਪਾਈਪ ਲਾਈਨ ਦਾ ਪਾਣੀ ਨਿਕਾਸ ਨਹੀਂ ਕਰ ਰਿਹਾ, ਜਦ ਕਿ ਦੂਜੀ ਪਾਈਪ ਲਾਈਨ ਅਧੂਰੀ ਹੈ, ਪਰ ਬਾਰਿਸ਼ ਮੌਕੇ ਛੱਪੜ ਦੀ ਸਾਫ਼-ਸਫਾਈ ਨਾ ਹੋਣ ਕਰਕੇ ਇਹ ਥੋੜੇ ਪਾਣੀ ਨਾਲ ਭਰ ਜਾਂਦਾ ਹੈ ਅਤੇ ਓਵਰਫ਼ਲੋ ਹੋ ਕੇ ਸੜਕਾਂ ਤੇ ਘਰਾਂ ਅੱਗੇ ਪਾਣੀ ਆ ਖੜ੍ਹਦਾ ਹੈ | ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਛੱਪੜ ਨੂੰ ਜਲਦੀ ਖ਼ਾਲੀ ਕੀਤਾ ਜਾਵੇ ਅਤੇ ਚੱਲ ਰਿਹਾ ਪਾਈਪ ਲਾਈਨ ਦਾ ਕੰਮ ਤੁਰੰਤ ਮੁਕੰਮਲ ਕੀਤਾ ਜਾਵੇ, ਤਾਂ ਜੋ ਸੜਕ ਨੂੰ ਟੁੱਟਣ ਅਤੇ ਲੋਕਾਂ ਨੂੰ ਆਉਂਦੀਆਂ ਹੋਰ ਮੁਸ਼ਕਿਲਾਂ ਤੋਂ ਵੀ ਬਚਾਇਆ ਜਾ ਸਕੇ | ਇਸ ਸੰਬੰਧੀ ਸਰਪੰਚ ਦੇ ਪਤੀ ਭਾਗ ਸਿੰਘ ਸੂਬੇਦਾਰ ਤੇ ਪੰਚ ਬੋਹੜ ਸਿੰਘ ਨੇ ਦੱਸਿਆ ਕਿ ਬਾਰਿਸ਼ ਜ਼ਿਆਦਾ ਹੋਣ ਕਰਕੇ ਛੱਪੜ ਪਾਣੀ ਨਾਲ ਭਰ ਗਿਆ ਹੈ | ਇਸ ਸੰਬੰਧੀ ਪੰਚਾਇਤ ਵਲੋਂ ਪ੍ਰਸ਼ਾਸਨ ਨੂੰ ਛੱਪੜ ਸਾਫ਼ ਕਰਨ ਲਈ ਮਤਾ ਪਾ ਕੇ ਭੇਜਿਆ ਗਿਆ ਤੇ ਨਵੀਂ ਪਾਈਪ ਲਾਈਨ ਚੱਲ ਪੈਂਦੀ ਤਾਂ ਅਜਿਹੇ ਹਾਲਾਤ ਨਾ ਬਣਦੇ, ਪਰ ਫ਼ਿਰ ਵੀ ਹੁਣ ਪਾਣੀ ਚੁੱਕਣ ਲਈ ਪ੍ਰਬੰਧ ਚੱਲ ਰਹੇ ਹਨ ਅਤੇ ਜਲਦੀ ਪਾਣੀ ਦਾ ਨਿਕਾਸ ਕਰਨ ਦੀ ਕੋਸ਼ਿਸ਼ ਜਾਰੀ ਹੈ |