ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਹਰਮਹਿੰਦਰ ਪਾਲ)-ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਗਰਿਡ ਸਬ-ਸਟੇਸ਼ਨ ਇੰਪਲਾਈਜ਼ ਯੂਨੀਅਨ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ ਤੇ ਸਮੂਹ ਪੈਨਸ਼ਨਰਜ਼ ਜਥੇਬੰਦੀਆਂ ਵਲੋਂ ਵੰਡ ਹਲਕਾ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਮੁਲਾਜ਼ਮਾਂ ਦੁਆਰਾ ਪੀ. ਐੱਸ. ਪੀ. ਸੀ. ਐੱਲ., ਪੀ. ਐੱਸ. ਟੀ. ਸੀ. ਐੱਲ. ਦੀ ਮੈਨੇਜਮੈਟ ਤੇ ਪੰਜਾਬ ਸਰਕਾਰ ਖ਼ਿਲਾਫ਼ ਮੁਲਾਜ਼ਮ ਮੰਗਾਂ ਸੰਬੰਧੀ ਰੋਸਮਈ ਧਰਨਾ ਦਿੱਤਾ | ਧਰਨੇ 'ਚ ਵੱਖ-ਵੱਖ ਜਥੇਬੰਦੀਆਂ ਦੇ ਬੁਲਾਰਿਆਂ ਵਲੋਂ ਪਾਵਰਕਾਮ ਅਦਾਰੇ ਨੂੰ ਨਿੱਜੀ ਹੱਥਾਂ ਵਿਚ ਸੌਂਪਣ ਦੀ ਨਿਖੇਧੀ ਕੀਤੀ ਗਈ | ਮਹਿਕਮੇ ਦੀ ਮੈਨੇਜਮੈਟ ਵਲੋਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਨਾ ਕਰਨ, ਅਧੂਰਾ ਪੇਅ ਸਕੇਲ ਲਾਗੂ ਕਰਨ, ਬਕਾਇਆ ਡੀ. ਏ. ਦੀਆਂ ਕਿਸ਼ਤਾਂ ਤੇ ਪੇਅ ਸਕੇਲਾਂ ਦਾ ਏਰੀਅਰ ਅਤੇ ਪੈਨਸ਼ਨਰਜ਼ ਸਾਥੀਆਂ ਨੂੰ 2.59 ਦਾ ਗੁਣਾਂਕ ਨਾ ਦੇਣ ਸੰਬੰਧੀ ਸੰਬੋਧਨ ਕੀਤਾ ਅਤੇ ਜਥੇਬੰਦੀਆਂ ਵਲੋਂ 27 ਜੁਲਾਈ ਨੂੰ ਬਿਜਲੀ ਮੰਤਰੀ ਦੀ ਰਿਹਾਇਸ਼ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਸੂਬਾ ਪੱਧਰੀ ਧਰਨੇ 'ਚ ਵੱਡੀ ਗਿਣਤੀ 'ਚ ਪਹੁੰਚ ਕੇ ਬਿਜਲੀ ਮੰਤਰੀ ਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਨ ਲਈ ਕਿਹਾ | ਧਰਨੇ ਨੂੰ ਬਲਜੀਤ ਸਿੰਘ ਮੋਦਲਾ, ਬਲਜਿੰਦਰ ਸ਼ਰਮਾ, ਗੁਰਦੀਪ ਸਿੰਘ, ਦਲੀਪ ਕੁਮਾਰ, ਸੁਖਵਿੰਦਰ ਭਗਤ, ਹਰਜੀਤ ਸਿੰਘ ਗੂੜੀ ਸੰਘਰ, ਕੁਲਵੰਤ ਸਿੰਘ, ਬਲਜੀਤ ਸਿੰਘ ਕਿ੍ਪਾਲਕੇ, ਵਰਿੰਦਰ ਸਿੰਘ ਬਾਜਵਾ, ਰੁਪਿੰਦਰ ਕੌਰ, ਛੱਤਰੂਘਨ, ਮੁਹੇਸ਼ ਕੁਮਾਰ ਆਦਿ ਆਗੂਆਂ ਨੇ ਸੰਬੋਧਨ ਕੀਤਾ |