02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਜਲਾਲਾਬਾਦ ਰੋਡ ਦੀ ਖ਼ਸਤਾ ਹਾਲਤ ਤੋਂ ਭੜਕੇ ਲੋਕਾਂ ਨੇ ਲਗਾਇਆ ਧਰਨਾ

ਅਜੀਤ ਡੈਸਕ 18-07-2025
ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਹਰਮਹਿੰਦਰ ਪਾਲ)-ਸਥਾਨਕ ਜਲਾਲਾਬਾਦ ਰੋਡ ਦੀ ਖ਼ਸਤਾ ਹਾਲਤ ਤੋਂ ਭੜਕੇ ਲੋਕਾਂ ਨੇ ਅੱਜ ਸਵੇਰੇ ਆਦਰਾਮ ਸਟਰੀਟ ਨੇੜੇ ਰੋਡ ਜਾਮ ਕਰਕੇ ਧਰਨਾ ਲਗਾ ਦਿੱਤਾ | ਇਹ ਧਰਨਾ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਭੁੱਲਰ ਸੋਹਣੇਵਾਲਾ ਦੀ ਅਗਵਾਈ ਹੇਠ ਲਾਇਆ | ਇਸ ਦੌਰਾਨ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਨਗਰ ਕੌਂਸਲ ਪ੍ਰਧਾਨ ਕਿ੍ਸ਼ਨ ਕੁਮਾਰ ਸ਼ੰਮੀ ਤੇਰ੍ਹੀਆ ਸਮੇਤ ਹੋਰ ਅਧਿਕਾਰੀਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਦੱਸਦਈਏ ਕਿ ਇਸ ਰੋਡ ਦੀ ਹਾਲਤ ਕਈ ਸਾਲਾਂ ਤੋਂ ਬਹੁਤ ਹੀ ਖ਼ਸਤਾ ਹੋ ਚੁੱਕੀ ਹੈ ਤੇ ਇਸ ਰੋਡ 'ਤੇ ਮਾਧੋ ਹਸਪਤਾਲ ਤੋਂ ਲੈ ਕੇ ਦਿੱਲੀ ਹਸਪਤਾਲ ਤੱਕ ਦਾ ਟੋਟਾ ਬਹੁਤ ਹੀ ਖ਼ਰਾਬ ਹੋ ਚੁੱਕਾ ਹੈ, ਜਿਥੇ ਹੁਣ ਤੱਕ ਅਨੇਕਾਂ ਵਾਰੀ ਹਾਦਸੇ ਹੋ ਚੁੱਕੇ ਹਨ | ਬੀਤੇ ਦਿਨੀਂ ਹੀ ਇਥੇ ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਜਾ ਰਿਹਾ ਇਕ ਆਟੋ ਪਲਟ ਗਿਆ ਸੀ, ਜਿਸ ਨਾਲ ਇਕ ਵਿਦਿਆਰਥੀ ਨੂੰ ਕਾਫ਼ੀ ਸੱਟਾਂ ਵੀ ਆਈਆਂ | ਕਈ ਵਾਰ ਇਸ ਸੰਬੰਧੀ ਨਗਰ ਕੌਂਸਲ ਤੇ ਸੰਬੰਧਿਤ ਮਹਿਕਮੇ ਨੂੰ ਕਹਿਣ ਦੇ ਬਾਵਜੂਦ ਵੀ ਇਸ ਸੜਕ ਨੂੰ ਨਹੀਂ ਬਣਾਇਆ ਜਾ ਰਿਹਾ | ਇਕ-ਦੋ ਵਾਰੀ ਪਹਿਲਾਂ ਵੀ ਟੋਏ ਭਰਨ ਦੇ ਨਾਂਅ 'ਤੇ ਵਿਭਾਗ ਵਲੋਂ ਖ਼ਾਨਾਪੂਰਤੀ ਕੀਤੀ ਸੀ, ਪਰ ਸਮੱਸਿਆ ਫਿਰ ਜਿਉਂ ਦੀ ਤਿਉਂ ਹੋ ਗਈ | ਸੜਕੀ ਹਾਦਸਿਆਂ ਤੋਂ ਦੁਖੀ ਲੋਕਾਂ ਨੇ ਰੋਸ ਵਜੋਂ ਅੱਜ ਧਰਨਾ ਲਾ ਦਿੱਤਾ | ਧਰਨੇ ਨੂੰ ਸੰਬੋਧਨ ਕਰਦਿਆਂ ਯੂਥ ਕਾਂਗਰਸ ਦੇ ਪ੍ਰਧਾਨ ਮਲਕੀਤ ਸਿੰਘ ਭੁੱਲਰ, ਸਮਾਜ ਸੇਵੀ ਰਾਜਵੀਰ ਰਾਜੂ, ਸਮਾਜ ਸੇਵੀ ਸੰਦੀਪ ਗੁੰਬਰ ਨੇ ਕਿਹਾ ਕਿ ਇਸ ਸੜਕ ਨੂੰ ਬਣੇ ਕਈ ਸਾਲ ਲੰਘ ਚੁੱਕੇ ਹਨ | ਹੈਰਾਨੀ ਦੀ ਗੱਲ ਹੈ ਕਿ ਅਨੇਕਾਂ ਵਾਰੀ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਤੇ ਹੋਰ ਅਧਿਕਾਰੀ ਵੀ ਇੱਥੋਂ ਲੰਘਦੇ ਹਨ, ਪਰ ਉਨ੍ਹਾਂ ਅੱਜ ਤੱਕ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ | ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਸੜਕ ਨੂੰ ਬਣਵਾਉਣ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ | ਹਾਲਾਂਕਿ ਮੌਕੇ 'ਤੇ ਨਗਰ ਕੌਂਸਲ ਪ੍ਰਧਾਨ ਕਿ੍ਸ਼ਨ ਕੁਮਾਰ ਸ਼ੰਮੀ ਤੇਰ੍ਹੀਆ ਤੇ 23 ਨੰਬਰ ਵਾਰਡ ਦੇ ਕੌਂਸਲਰ ਰਵੀ ਮੋਰੀਆ ਵੀ ਪਹੁੰਚੇ, ਜਿਨ੍ਹਾਂ ਨੂੰ ਭੜਕੇ ਹੋਏ ਲੋਕਾਂ ਨੇ ਖ਼ੂਬ ਖਰੀਆਂ-ਖਰੀਆਂ ਸੁਣਾਈਆਂ | ਲੋਕਾਂ ਨੇ ਨਗਰ ਕੌਂਸਲ ਪ੍ਰਧਾਨ 'ਤੇ ਵਰ੍ਹਦਿਆਂ ਸੜਕ ਨਵੇਂ ਸਿਰਿਓਾ ਬਣਾਉਣ ਦੀ ਮੰਗ ਕੀਤੀ, ਜਿਸ 'ਤੇ ਪ੍ਰਧਾਨ ਸ਼ੰਮੀ ਤੇਰ੍ਹੀਆ ਨੇ ਕਿਹਾ ਕਿ ਇਹ ਸੜਕ ਮੰਡੀਕਰਨ ਬੋਰਡ ਅਧੀਨ ਆਉਂਦੀ ਹੈ | ਸ਼ਹਿਰ ਦੀਆਂ ਲਗਪਗ 8 ਸੜਕਾਂ ਨਵੀਆਂ ਬਣਨ ਵਾਲੀਆਂ ਹਨ, ਜਿਸ 'ਚ ਇਹ ਸੜਕ ਵੀ ਸ਼ਾਮਿਲ ਹੈ | ਉਨ੍ਹਾਂ ਇਸ ਸੰਬੰਧੀ ਅਸਟੀਮੈਟ ਬਣਾ ਕੇ ਭੇਜਿਆ ਹੋਇਆ ਹੈ ਤੇ ਦੋ ਤੋਂ ਢਾਈ ਮਹੀਨੇ 'ਚ ਸੜਕ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ | ਫ਼ਿਲਹਾਲ ਉਹ ਇਕ-ਦੋ ਦਿਨ ਅੰਦਰ ਰੋਡ 'ਤੇ ਬਜਰੀ ਪਵਾ ਕੇ ਟੋਏ ਭਰਵਾ ਦਿੰਦੇ ਹਨ | ਇਸ ਮੌਕੇ ਯੂਥ ਕਾਂਗਰਸ ਦੇ ਜਨਰਲ ਸਕੱਤਰ ਕਸ਼ਮੀਰ ਵੱਟੂ, ਮਨਜਿੰਦਰ ਸਿੰਘ ਬਰੀਵਾਲਾ, ਮੁਹੱਲਾ ਵਾਸੀ ਸੁਰਿੰਦਰ ਕੁਮਾਰ, ਮਾੜੂ ਰਾਮ, ਮੱਖਣ ਸਿੰਘ, ਸਾਹਿਲ ਕੁਮਾਰ, ਰੋਸ਼ਨ ਲਾਲ, ਮੋਹਨ ਲਾਲ, ਲੱਖਾ, ਸੀਟਾ, ਰਵੀ ਮੁਜਰਾਲ, ਸੋਨੂੰ ਧਨਵਾਡੀਆ, ਸ਼ੇਰੂ ਕਟਾਰੀਆ, ਗਗਨ, ਇੰਦਰਜੀਤ, ਪ੍ਰਦੀਪ ਕੁਮਾਰ, ਜੈਪਾਲ, ਰਾਜਵੀਰ, ਅਮਨਦੀਪ, ਬਲਦੇਵ ਕੁਮਾਰ, ਟੀਟੂ, ਚਿਮਨ ਲਾਲ, ਦੁੱਲੀ ਕੁਮਾਰ, ਕਿ੍ਸ਼ਨ ਕੁਮਾਰ, ਰਾਜੇਸ਼ ਕੁਮਾਰ, ਰਜਿੰਦਰ ਕੁਮਾਰ, ਸੁਦੇਸ਼ ਸ਼ਰਮਾ, ਸੋਨੂੰ ਵੈਲਡਿੰਗ ਵਾਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਯੂਥ ਅਕਾਲੀ ਦਲ ਨੇ ਰਾਜਾ ਵੜਿੰਗ ਤੇ ਬਾਜਵਾ ਦਾ ਪੁਤਲਾ ਫ਼ੂਕਿਆ <br/> ਅਗਲੀ ਖ਼ਬਰ ਆਪਣੀ ਹੀ ਨਾਬਾਲਗ ਧੀ ਨਾਲ ਪਿਉ ਕਰਦਾ ਰਿਹਾ ਜਬਰ ਜਨਾਹ, ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।