ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਪਿਤਾ ਵਲੋਂ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਸ੍ਰੀ ਮੁਕਤਸਰ ਸਾਹਿਬ ਦੀ ਥਾਣਾ ਸਿਟੀ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ | ਪੁਲਿਸ ਨੂੰ ਦਿੱਤੇ ਬਿਆਨਾਂ 'ਚ 12 ਸਾਲਾਂ ਧੀ ਜੋ ਸੱਤਵੀਂ ਜਮਾਤ ਦੀ ਵਿਦਿਆਰਥਣ ਹੈ, ਨੇ ਦੱਸਿਆ ਕਿ ਉਸ ਦੀ ਮਾਤਾ ਤੇ ਤਾਈ ਇਕ ਫ਼ੈਕਟਰੀ 'ਚ ਕੰਮ ਕਰਦੀਆਂ ਹਨ | ਉਹ ਦੋਵੇਂ ਰਾਤ ਨੂੰ ਡਿਊਟੀ 'ਤੇ ਜਾਂਦੀਆਂ ਹਨ | ਉਸ ਦਾ ਪਿਤਾ ਰਾਜ ਮਿਸਤਰੀ ਹੈ ਤੇ ਸ਼ਰਾਬ ਪੀਂਦਾ ਹੈ | ਰਾਤ ਸਮੇਂ ਉਹ ਤੇ ਉਸ ਦਾ ਛੋਟਾ ਭਰਾ ਹੀ ਘਰ ਹੁੰਦੇ ਹਨ | ਬਿਆਨਕਰਤਾ ਅਨੁਸਾਰ ਕਰੀਬ ਇਕ ਮਹੀਨਾ ਪਹਿਲਾਂ ਜਦੋਂ ਉਹ ਘਰ 'ਚ ਸੁੱਤੇ ਹੋਏ ਸਨ ਤਾਂ ਉਸ ਦੇ ਪਿਤਾ ਨੇ ਸ਼ਰਾਬੀ ਹਾਲਤ 'ਚ ਉਸ ਦੇ ਨਾਲ ਜਬਰ-ਜਨਾਹ ਕੀਤਾ | ਉਸ ਨੇ ਕਿਸੇ ਨੂੰ ਇਸ ਸੰਬੰਧੀ ਦੱਸਣ 'ਤੇ ਉਸ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ | ਬਿਆਨਕਰਤਾ ਅਨੁਸਾਰ ਇਸ ਉਪਰੰਤ ਉਸ ਦਾ ਪਿਤਾ ਰੋਜ਼ਾਨਾ ਉਸ ਨਾਲ ਇਹ ਗ਼ਲਤ ਕੰਮ ਕਰਦਾ ਰਿਹਾ | ਬੀਤੇ ਦਿਨੀਂ ਜਦ ਉਹ ਰੋ ਰਹੀ ਸੀ ਤਾਂ ਉਸ ਦੀ ਤਾਈ ਦੇ ਪੁੱਛਣ 'ਤੇ ਉਸ ਨੇ ਸਾਰੀ ਘਟਨਾ ਸੰਬੰਧੀ ਦੱਸਿਆ | ਤਾਈ ਵਲੋਂ ਸਭ ਕੁਝ ਅੱਖੀਂ ਦੇਖਣ ਉਪਰੰਤ ਉਸ ਦੀ ਮਾਤਾ, ਮਾਮੇ ਤੇ ਹੋਰਾਂ ਨਾਲ ਗੱਲਬਾਤ ਕੀਤੀ ਗਈ | ਇਸ ਸੰਬੰਧੀ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ | ਪੁਲਿਸ ਨੇ ਇਸ ਸੰਬੰਧੀ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਮਲਾ ਦਰਜ ਕਰਕੇ ਕਲਯੁਗੀ ਪਿਤਾ ਨੂੰ ਗਿ੍ਫ਼ਤਾਰ ਕਰ ਲਿਆ ਹੈ | ਕਥਿਤ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |