ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਰਣਜੀਤ ਸਿੰਘ ਢਿੱਲੋਂ)-ਯੂਥ ਅਕਾਲੀ ਦਲ ਵਲੋਂ ਗੁਰਦੁਆਰਾ ਦੁੱਖ ਨਿਵਾਰਨ ਤਰਨਤਰਨ ਸਾਹਿਬ ਵਿਖੇ ਇਕੱਤਰਤਾ ਕੀਤੀ ਗਈ | ਇਸ ਮਗਰੋਂ ਯੂਥ ਆਗੂ ਤੇ ਵਰਕਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਗ੍ਰਹਿ ਸਾਹਮਣੇ ਪਹੁੰਚੇ ਤੇ ਰੋਸ ਧਰਨਾ ਦਿੱਤਾ | ਧਰਨੇ ਦੀ ਸਮਾਪਤੀ 'ਤੇ ਰਾਜਾ ਵੜਿੰਗ ਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਪੁਤਲਾ ਫ਼ੂਕਿਆ ਗਿਆ | ਧਰਨੇ ਨੂੰ ਯੂਥ ਅਕਾਲੀ ਦਲ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਲਵਪ੍ਰੀਤ ਸਿੰਘ ਲੱਪੀ ਈਨਾਖੇੜਾ, ਦਿਹਾਤੀ ਜ਼ਿਲ੍ਹਾ ਪ੍ਰਧਾਨ ਨਵਜਿੰਦਰ ਸਿੰਘ ਮਾਨ, ਕੌਮੀ ਸਕੱਤਰ ਜਨਰਲ ਅਕਾਸ਼ਦੀਪ ਸਿੰਘ ਮਿੱਡੂਖੇੜਾ, ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਐਡਵੋਕੇਟ ਜਗਮੀਤ ਸਿੰਘ ਨਾਨਕਪੁਰਾ, ਗੁਰਬਿੰਦਰ ਸਿੰਘ ਫੂਲੇਵਾਲਾ, ਰਣਜੋਧ ਸਿੰਘ ਲੰਬੀ, ਗੁਰਸ਼ਮਿੰਦਰ ਸਿੰਘ ਟੋਨਾ ਬਰਾੜ ਲੱਖੇਵਾਲੀ ਆਦਿ ਨੇ ਸੰਬੋਧਨ ਕੀਤਾ | ਬੁਲਾਰਿਆਂ ਨੇ ਕਿਹਾ ਕਿ ਬੇਅਦਬੀਆਂ ਦੇ ਮਾਮਲੇ 'ਤੇ ਕਾਂਗਰਸ ਪਾਰਟੀ ਰਾਜਨੀਤੀ ਕਰਦੀ ਰਹੀ ਹੈ | ਇਸ ਸੰਬੰਧੀ ਹੁਣ ਜੱਗ ਜ਼ਾਹਰ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਪ੍ਰਗਟ ਸਿੰਘ ਨੇ ਜੋ ਬਿਆਨ ਦਿੱਤਾ ਸੀ, ਅੱਜ ਯੂਥ ਅਕਾਲੀ ਦਲ ਉਸ ਦਾ ਪ੍ਰਧਾਨ ਰਾਜਾ ਵੜਿੰਗ ਤੋਂ ਜਵਾਬ ਮੰਗਣ ਆਇਆ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਕਾਂਗਰਸ ਪਾਰਟੀ ਦਾ ਇਕ ਧੜਾ ਚਾਹੁੰਦਾ ਸੀ ਕਿ ਇਨਸਾਫ਼ ਹੋਵੇ ਅਤੇ ਇਕ ਧੜਾ ਇਸ ਮਾਮਲੇ ਨੂੰ ਲਮਕਾਉਣਾ ਚਾਹੁੰਦਾ ਸੀ | ਯੂਥ ਆਗੂ ਨੇ ਕਿਹਾ ਕਿ ਇਸ ਸੰਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਕਿਸ ਧੜੇ ਨਾਲ ਖੜ੍ਹੇ ਸਨ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਕਾਂਗਰਸ ਵਲੋਂ ਹਮੇਸ਼ਾ ਕੂੜ ਪ੍ਰਚਾਰ ਕੀਤਾ ਗਿਆ ਹੈ, ਜਦ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੀ ਭਲਾਈ ਤੇ ਤਰੱਕੀ ਲਈ ਕੰਮ ਕਰਦਾ ਆਇਆ ਹੈ, ਜੋ ਕੂੜ ਪ੍ਰਚਾਰ ਕੀਤਾ ਗਿਆ ਹੈ, ਉਸ ਬਾਰੇ ਤਾਂ ਸੋਚ ਵੀ ਨਹੀਂ ਸਕਦਾ | ਉਨ੍ਹਾਂ ਕਿਹਾ ਕਿ ਪੰਜ ਸਾਲ ਪਹਿਲਾਂ ਕਾਂਗਰਸ ਦੀ ਸਰਕਾਰ ਰਹੀ ਤੇ ਤਿੰਨ ਸਾਲ ਤੋਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਰਾਜ ਕਰ ਰਹੀ ਹੈ, ਪਰ ਬੇਅਦਬੀ ਮਾਮਲਿਆਂ 'ਤੇ ਸਿਰਫ਼ ਸਿਆਸਤ ਹੋਈ ਹੈ | ਇਸ ਮਾਮਲੇ 'ਚ ਅਕਾਲੀ ਦਲ ਨੂੰ ਬਦਨਾਮ ਕੀਤਾ ਗਿਆ ਹੈ | ਉਨ੍ਹਾਂ ਇਸ ਮਾਮਲਿਆਂ 'ਤੇ ਰਾਜਨੀਤੀ ਕਰਨ ਵਾਲਿਆਂ ਦੀ ਨਿਖੇਧੀ ਕੀਤੀ | ਉਪਰੰਤ ਪੁਤਲਾ ਫ਼ੂਕਣ ਵੇਲੇ ਪੁਲਿਸ ਪ੍ਰਸ਼ਾਸਨ ਤੇ ਯੂਥ ਆਗੂਆਂ 'ਚ ਘਰ ਅੱਗੇ ਪੁਤਲਾ ਫ਼ੂਕਣ ਨੂੰ ਲੈ ਕੇ ਬਹਿਸਬਾਜ਼ੀ ਹੁੰਦੀ ਰਹੀ | ਪੁਲਿਸ ਪ੍ਰਸ਼ਾਸਨ ਘਰ ਤੋਂ ਅੱਗੇ ਖ਼ਾਲੀ ਪਲਾਟ 'ਚ ਯੂਥ ਆਗੂਆਂ ਨੂੰ ਭੇਜ ਰਿਹਾ ਸੀ, ਜਦ ਕਿ ਯੂਥ ਆਗੂ ਘਰ ਅੱਗੇ ਪੁਤਲਾ ਫ਼ੂਕਣਾ ਚਾਹੁੰਦੇ ਸਨ | ਬਾਅਦ 'ਚ ਥੋੜਾ ਅੱਗੇ ਜਾ ਕੇ ਗਲੀ ਵਿਚ ਰਾਜਾ ਵੜਿੰਗ ਤੇ ਬਾਜਵਾ ਦਾ ਪੁਤਲਾ ਫ਼ੂਕਿਆ ਤੇ ਕਾਂਗਰਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਯੂਥ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਜੈ ਰਾਜ ਸਿੰਘ ਬਰਾੜ ਫ਼ੱਤਣਵਾਲਾ, ਸੂਬਾ ਮੀਤ ਪ੍ਰਧਾਨ ਮਨੂੰ ਬਰਾੜ, ਲਾਡੀ ਈਨਾਖੇੜਾ, ਗੁਰਬੀਰ ਸਿੰਘ ਸੋਥਾ, ਦਿਲਬਾਗ ਸਿੰਘ ਪੰਜਾਵਾ, ਲਵੀ ਪੰਜਾਵਾ, ਬਾਬੂ ਸਿੰਘ ਸਰਾਂ, ਸੰਤ ਰਾਮ ਗੁੱਲੂ, ਗੁਰਪ੍ਰੀਤ ਸਿੰਘ ਬਾਦਲ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ, ਲੰਬੀ, ਗਿੱਦੜਬਾਹਾ ਤੇ ਮਲੋਟ ਨਾਲ ਸੰਬੰਧਿਤ ਯੂਥ ਵਰਕਰ ਹਾਜ਼ਰ ਸਨ |