• ਤਿੰਨ ਨਸ਼ਾ ਤਸਕਰ ਕਾਬੂ • ਹੈਰੋਇਨ, ਗੋਲੀਆਂ ਤੇ ਗਾਂਜਾ ਬਰਾਮਦ
ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਐੱਸ. ਐੱਸ. ਪੀ. ਡਾ. ਅਖਿਲ ਚੌਧਰੀ ਦੀ ਅਗਵਾਈ ਹੇਠ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਜ਼ਿਲ੍ਹੇ ਦੀਆਂ ਚਾਰੇ ਸਬ ਡਵੀਜ਼ਨਾਂ (ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਤੇ ਲੰਬੀ) 'ਚ ਸਵੇਰੇ 8 ਵਜੇ ਤੋਂ ਦੁਪਹਿਰ ਦੇ 2 ਵਜੇ ਤੱਕ ਇਕੋ ਸਮੇਂ 'ਤੇ ਕਾਸਕੋ ਆਪ੍ਰੇਸ਼ਨ ਚਲਾਇਆ ਗਿਆ | ਐੱਸ. ਐੱਸ. ਪੀ. ਦੀ ਦੇਖ-ਰੇਖ 'ਚ ਮਨਮੀਤ ਸਿੰਘ ਢਿੱਲੋਂ ਐੱਸ. ਪੀ. (ਡੀ), ਨਵੀਨ ਕੁਮਾਰ ਡੀ. ਐੱਸ. ਪੀ. (ਸ੍ਰੀ ਮੁਕਤਸਰ ਸਾਹਿਬ), ਅਵਤਾਰ ਸਿੰਘ ਰਾਜਪਾਲ ਡੀ. ਐੱਸ. ਪੀ. (ਗਿੱਦੜਬਾਹਾ), ਇਕਬਾਲ ਸਿੰਘ ਡੀ. ਐੱਸ. ਪੀ. (ਮਲੋਟ), ਜਸਪਾਲ ਸਿੰਘ ਡੀ. ਐੱਸ. ਪੀ. (ਲੰਬੀ) ਅਤੇ ਥਾਣਾ ਮੁਖੀਆਂ ਸਮੇਤ 330 ਪੁਲਿਸ ਅਧਿਕਾਰੀ ਤੇ ਕਰਮਚਾਰੀ ਤਾਇਨਾਤ ਕੀਤੇ ਗਏ ਸਨ | ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਕਾਸਕੋ ਆਪ੍ਰੇਸ਼ਨ ਤਹਿਤ ਉਨ੍ਹਾਂ ਵਿਅਕਤੀਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਖ਼ਿਲਾਫ਼ ਪਹਿਲਾਂ ਐੱਨ. ਡੀ. ਪੀ. ਐੱਸ. ਐਕਟ ਅਧੀਨ ਮੁਕੱਦਮੇ ਦਰਜ ਹਨ ਅਤੇ ਕਿ੍ਮੀਨਲ ਗਤੀਵਿਧੀਆਂ ਵਿਚ ਹਿੱਸਾ ਲੈਂਦੇ ਹਨ | ਪੁਲਿਸ ਵਲੋਂ ਇਨ੍ਹਾਂ ਸ਼ਰਾਰਤੀ ਅਨਸਰਾਂ ਦੇ ਘਰਾਂ, ਟਿਕਾਣਿਆਂ ਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ | ਸ਼ੱਕੀ ਵਿਅਕਤੀਆਂ ਦੀ ਪੀ. ਏ. ਆਈ. ਐੱਸ. ਐਪ ਤੇ ਵਾਹਨਾਂ ਦੀ ਵਾਹਨ ਐਪ ਰਾਹੀਂ ਜਾਂਚ ਕੀਤੀ ਗਈ | ਇਸ ਤੋਂ ਇਲਾਵਾ ਐੱਨ. ਡੀ. ਪੀ. ਐੱਸ. ਐਕਟ ਦੇ ਮੁਕੱਦਮਿਆਂ 'ਚੋਂ ਜ਼ਮਾਨਤ 'ਤੇ ਰਿਹਾਅ ਕੀਤੇ ਗਏ ਵਿਅਕਤੀਆਂ ਦੀ ਵਿਸ਼ੇਸ਼ ਤੌਰ 'ਤੇ ਚੈਕਿੰਗ ਕੀਤੀ ਗਈ | ਇਸ ਮੌਕੇ ਨਾਕਾਬੰਦੀ ਕਰਕੇ ਇਲਾਕਿਆਂ ਨੂੰ ਸੀਲ ਕੀਤਾ ਅਤੇ ਆਉਣ-ਜਾਣ ਵਾਲੇ ਵਾਹਨ ਤੇ ਸ਼ੱਕੀ ਵਿਅਕਤੀਆਂ ਦੀ ਵੀ ਚੈਕਿੰਗ ਕੀਤੀ ਗਈ | ਕਾਸਕੋ ਅਭਿਆਨ ਦੌਰਾਨ 3 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਪਾਸੋਂ 100 ਨਸ਼ੀਲੀਆਂ ਗੋਲੀਆਂ, 5 ਗ੍ਰਾਮ ਹੈਰੋਇਨ, 1 ਕਿੱਲੋ 100 ਗ੍ਰਾਮ ਗਾਂਜਾ ਬਰਾਮਦ ਕਰਕੇ ਉਨ੍ਹਾਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ ਅਤੇ ਜਿਨ੍ਹਾਂ 'ਚ ਅੱਗੇ ਜਾਂਚ ਜਾਰੀ ਹੈ |
ਪੁਲਿਸ ਨੇ ਜ਼ਿਲ੍ਹਾ ਪੱਧਰ 'ਤੇ ਕਾਸਕੋ ਆਪ੍ਰੇਸ਼ਨ ਚਲਾਇਆ
ਅਜੀਤ ਡੈਸਕ
18-07-2025