15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਪੁਲਿਸ ਨੇ ਜ਼ਿਲ੍ਹਾ ਜੇਲ੍ਹ ਵਿਖੇ ਸਰਚ ਅਭਿਆਨ ਚਲਾਇਆ

ਅਜੀਤ ਡੈਸਕ 17-07-2025
ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਜ਼ਿਲ੍ਹੇ ਅੰਦਰ ਨਸ਼ਾ ਤਸਕਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ | ਇਸ ਤਹਿਤ ਜੇਲ੍ਹ ਵਿਚ ਕਿਸੇ ਵੀ ਕਿਸਮ ਦੀ ਗ਼ੈਰਕਾਨੂੰਨੀ ਗਤਿਵਿਧੀ ਰੋਕਣ ਲਈ ਸਰਚ ਆਪ੍ਰੇਸ਼ਨ ਚਲਾਇਆ ਗਿਆ | ਡਾ. ਅਖਿਲ ਚੌਧਰੀ ਐੱਸ.ਐੱਸ.ਪੀ. ਨੇ ਦੱਸਿਆ ਕਿ ਇਹ ਸਰਚ ਆਪ੍ਰੇਸ਼ਨ ਪੂਰੀ ਯੋਜਨਾ ਨਾਲ ਕਰਵਾਇਆ ਗਿਆ ਤਾਂ ਜੋ ਜੇਲ੍ਹ ਅੰਦਰ ਨਸ਼ਾ ਤਸਕਰੀ, ਗੈਂਗਸਟਰਵਾਦ, ਗ਼ੈਰਕਾਨੂੰਨੀ ਸਾਮਾਨ, ਮੋਬਾਈਲ ਜਾਂ ਹੋਰ ਮਨਾਹੀ-ਸ਼ੁਦਾ ਚੀਜ਼ਾਂ ਦੀ ਭਾਲ ਕੀਤੀ ਜਾ ਸਕੇ | ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਨੈੱਟਵਰਕ ਨੂੰ ਤੋੜਨ ਲਈ ਜੇਲ੍ਹਾਂ ਦੇ ਅੰਦਰੂਨੀ ਹਾਲਾਤਾਂ 'ਤੇ ਸਖ਼ਤ ਨਿਗਰਾਨੀ ਬਹੁਤ ਜ਼ਰੂਰੀ ਹੈ, ਕਿਉਂਕਿ ਅਕਸਰ ਇਹ ਥਾਵਾਂ ਨਸ਼ਾ ਤਸਕਰੀ ਦੇ ਲੁਕਵੇਂ ਕੇਂਦਰ ਬਣ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੁਧਾਰ ਘਰ (ਜੇਲ੍ਹ) ਸ੍ਰੀ ਮੁਕਤਸਰ ਸਾਹਿਬ ਵਿਖੇ ਨਵੀਨ ਕੁਮਾਰ ਡੀ.ਐੱਸ.ਪੀ. (ਸ.ਡ.) ਸ੍ਰੀ ਮੁਕਤਸਰ ਸਾਹਿਬ, ਅਨਦੀਪ ਸਿੰਘ ਡੀ.ਐੱਸ.ਪੀ. (ਐੱਚ), ਇੰਸਪੈਕਟਰ ਵਰੁਣ ਯਾਦਵ ਮੁੱਖ ਅਫ਼ਸਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ, ਐੱਸ.ਆਈ. ਗੁਰਦੀਪ ਸਿੰਘ ਮੁੱਖ ਅਫ਼ਸਰ ਬਰੀਵਾਲਾ ਦੁਆਰਾ ਸਰਚ ਕੀਤੀ ਗਈ | ਇਸੇ ਤਰ੍ਹਾਂ ਜੇਲ੍ਹ ਸਟਾਫ਼ ਤੇ ਕਈ ਥਾਣਿਆਂ ਤੋਂ ਤਕਰੀਬਨ 150 ਪੁਲਿਸ ਕਰਮਚਾਰੀ ਵੀ ਇਸ ਮੁਹਿੰਮ ਵਿਚ ਸ਼ਾਮਿਲ ਰਹੇ | ਇਸ ਮੌਕੇ ਸੁਪਰਡੈਂਟ ਜੇਲ੍ਹ ਨਵਦੀਪ ਸਿੰਘ ਵਹਿਣੀਵਾਲ, ਐੱਸ.ਆਈ. ਗੁਰਦਿੱਤ ਸਿੰਘ, ਐੱਸ.ਆਈ. ਵਰਿੰਦਰ ਸਿੰਘ ਵੀ ਮੌਜੂਦ ਸਨ | ਚੈਕਿੰਗ ਦੌਰਾਨ ਜੇਲ੍ਹ ਦੀਆਂ ਸਾਰੀਆਂ ਬੈਰਕਾਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਗਈ | ਕੈਦੀਆਂ ਤੇ ਹਵਾਲਾਤੀਆਂ ਦੀ ਨਿੱਜੀ ਤਲਾਸ਼ੀ ਅਤੇ ਸਾਮਾਨ ਦੀ ਜਾਂਚ ਕੀਤੀ ਗਈ | ਆਉਣ-ਜਾਣ ਵਾਲੇ ਰਸਤੇ, ਕੰਧਾਂ ਦੇ ਕੋਨੇ, ਬੈਰਕਾਂ ਦੇ ਆਲੇ-ਦੁਆਲੇ, ਆਵਾਜਾਈ ਦੇ ਸਾਰੇ ਰਾਹਾਂ ਦੀ ਪੂਰੀ ਜਾਂਚ ਕੀਤੀ ਗਈ | ਕੁਝ ਸ਼ੱਕੀ ਥਾਵਾਂ ਤੋਂ ਵਿਅਕਤੀਆਂ ਦੀ ਪੁੱਛਗਿੱਛ ਵੀ ਕੀਤੀ ਗਈ | ਤਲਾਸ਼ੀ ਲਈ ਮੈਟਲ ਡਿਟੈਕਟਰ (ਸਨਿਫਰ ਡੋਗਜ਼) ਅਤੇ ਹੋਰ ਤਕਨੀਕੀ ਸਾਧਨਾਂ ਦੀ ਵੀ ਮਦਦ ਲਈ ਗਈ | ਐੱਸ.ਐੱਸ.ਪੀ. ਨੇ ਕਿਹਾ ਕਿ ਜੇਲ੍ਹ ਵਿਚ ਬੰਦ ਗੈਂਗਸਟਰ ਜਾਂ ਨਸ਼ਾ ਤਸਕਰ ਜੇਲ੍ਹ ਅੰਦਰੋਂ ਗ਼ੈਰਕਾਨੂੰਨੀ ਕੰਮ ਨਾ ਕਰ ਰਹੇ ਹੋਣ, ਇਸ ਲਈ ਸਖ਼ਤ ਚੈਕਿੰਗ ਅਤੇ ਨਿਗਰਾਨੀ ਲਾਜ਼ਮੀ ਹੈ ਤਾਂ ਜੋ ਅਜਿਹੀਆਂ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਅਚਾਨਕ ਚੈਕਿੰਗਾਂ ਕੀਤੀਆਂ ਜਾਣਗੀਆਂ | ਨਸ਼ਾ ਤਸਕਰਾਂ ਨੂੰ ਕਿਸੇ ਵੀ ਹਾਲਤ ਵਿਚ ਬਖ਼ਸ਼ਿਆ ਨਹੀਂ ਜਾਵੇਗਾ | ਇਸ ਮੌਕੇ ਗੁਰਮਿੰਦਰ ਕੌਰ ਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਐੱਸ. ਡੀ. ਐੱਮ. ਵਲੋਂ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਅਗਲੀ ਖ਼ਬਰ ਪੁਲਿਸ ਤੇ ਪੇਂਡੂ ਸੁਰੱਖਿਆ ਕਮੇਟੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।